
ਅਪਣੇ ਆਪ ਨੂੰ ਕਿਸਾਨਾਂ ਦੇ ਸੱਭ ਤੋਂ ਵੱਡੇ ਹਿਤੈਸ਼ੀ ਸਾਬਤ ਕਰਨ ਦਾ ਭਰਪੂਰ ਯਤਨ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕੁੱਝ ਦਿਨ ਪਹਿਲਾਂ ਤਕ ਖੇਤੀ ਆਰਡੀਨੈਂਸ ਨੂੰ ਕਿਸਾਨਾਂ ਲਈ ਚੰਗਾ ਦੱਸਣ ਵਾਲੇ ਅਤੇ ਕੈਬਨਿਟ ਵਿਚ ਆਰਡੀਨੈਂਸਾਂ 'ਤੇ ਦਸਤਖ਼ਤ ਕਰਨ ਵਾਲੇ ਅਕਾਲੀਆਂ ਨੇ ਭਾਰੀ ਖ਼ਰਚਾ ਕਰ ਕੇ ਅਤੇ ਮੋਦੀ ਸਟਾਈਲ ਨਾਲ ਅਪਣੇ ਰੋਸ ਮਾਰਚਾਂ ਨੂੰ ਟੀ.ਵੀ. ਚੈਨਲਾਂ ਉਤੇ ਉਸੇ ਵੇਲੇ 'ਲਾਈਵ' ਕਰਵਾ ਕੇ, ਅਪਣੇ ਆਪ ਨੂੰ ਕਿਸਾਨਾਂ ਦੇ ਸੱਭ ਤੋਂ ਵੱਡੇ ਹਿਤੈਸ਼ੀ ਸਾਬਤ ਕਰਨ ਦਾ ਭਰਪੂਰ ਯਤਨ ਕੀਤਾ ਜਦ ਕਿਸਾਨ ਸਾਰੇ ਪੰਜਾਬ ਵਿਚ ਰੇਲ ਪਟੜੀਆਂ ਉਤੇ ਬੈਠੇ ਅਤੇ ਲੇਟੇ ਹੋਏ ਸਨ ਤੇ ਕੋਈ ਚੈਨਲ ਉਨ੍ਹਾਂ ਨੂੰ 'ਲਾਈਵ' ਨਹੀਂ ਸੀ ਵਿਖਾ ਰਿਹਾ।
Shiromani Akali Dal Protest Against Farmer Ordinance
ਸ਼੍ਰੋਮਣੀ ਕਮੇਟੀ ਦੇ ਵਸੀਲਿਆਂ ਸਮੇਤ, ਕਮੇਟੀ ਮੈਂਬਰਾਂ ਅਤੇ ਕਾਰਮਚਾਰੀਆਂ ਦੀ ਵੱਡੀ ਭੀੜ ਨੂੰ ਤਿੰਨ ਤਖ਼ਤਾਂ ਤੋਂ ਲੈ ਕੇ ਚੰਡੀਗੜ੍ਹ ਪੁੱਜੇ ਅਕਾਲੀਆਂ ਦਾ ਐਲਾਨ ਇਹ ਸੀ ਕਿ ਗਵਰਨਰ ਨੂੰ ਮਿਲ ਕੇ ਕਿਸਾਨ ਮੰਗਾਂ ਦੇ ਹੱਕ ਵਿਚ ਮੈਮੋਰੈਂਡਮ ਦਿਤਾ ਜਾਵੇਗਾ।
Farmer Protest
ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੀ ਹੱਦ ਤੋਂ ਬਾਹਰ ਹੀ ਨਾਕੇ ਲਾਏ ਹੋਏ ਸਨ ਤੇ ਅਕਾਲੀਆਂ ਨੂੰ ਰੋਕ ਲਿਆ ਗਿਆ ਜਿਥੇ ਬੀਬੀ ਹਰਸਿਮਰਤ ਕੌਰ ਅਤੇ ਹੋਰ ਅਕਾਲੀ, ਧਰਨੇ ਉਤੇ ਬੈਠ ਗਏ। ਪੁਲਿਸ ਨੇ ਪੇਸ਼ਕਸ਼ ਕੀਤੀ ਕਿ ਇਕ ਵਫ਼ਦ ਚੁਣ ਲਉ ਜੋ ਗਵਰਨਰ ਸਾਹਿਬ ਕੋਲ ਸਤਿਕਾਰ ਨਾਲ ਲਿਜਾਇਆ ਜਾਵੇਗਾ ਤੇ ਗਵਰਨਰ ਸਾਹਿਬ ਉਨ੍ਹਾਂ ਦੀ ਗੱਲ ਸੁਣ ਲੈਣਗੇ।
Shiromani Akali Dal Protest Against Farmer Ordinance
ਪਰ ਅਕਾਲੀ ਲੀਡਰਾਂ ਨੇ ਇਹ ਪੇਸ਼ਕਸ਼ ਰੱਦ ਕਰ ਦਿਤੀ ਜਿਸ ਮਗਰੋਂ ਪੁਲਿਸ, ਲੀਡਰਾਂ ਨੂੰ ਅਪਣੇ ਨਾਲ ਲੈ ਗਈ ਪਰ ਉਨ੍ਹਾਂ ਨਾਲ ਆਏ ਵਰਕਰ ਫਿਰ ਤੋਂ ਧਰਨੇ 'ਤੇ ਬੈਠ ਗਏ। ਖ਼ਬਰ ਲਿਖਣ ਤਕ ਅਕਾਲੀ ਲੀਡਰਾਂ ਨੂੰ ਗਵਰਨਰ ਸਾਹਬ ਕੋਲ ਲਿਜਾਇਆ ਗਿਆ ਹੈ ਅਤੇ ਵਰਕਰ ਚੰਡੀਗੜ੍ਹ ਦੀ ਸਰਹੱਦ 'ਤੇ ਬੈਠੇ ਹੋਏ ਹਨ।
Shiromani Akali Dal Protest Against Farmer Ordinance
ਦੂਜੇ ਪਾਸੇ ਖ਼ਬਰ ਹੈ ਕਿ ਉਧਰ ਰੇਲ ਪਟੜੀਆਂ ਉਤੇ ਧਰਨੇ ਦੇਣ ਵਾਲੇ ਕਿਸਾਨ ਇਸ ਗੱਲ ਤੋਂ ਖ਼ੁਸ਼ ਨਹੀਂ ਕਿ ਪੈਸੇ ਦੀ ਅੰਨ੍ਹੀ ਵਰਤੋਂ ਕਰ ਕੇ, ਮੀਡੀਆ ਦੀ ਮਦਦ ਨਾਲ, ਲੋਕਾਂ ਦਾ ਧਿਆਨ ਕਿਸਾਨਾਂ ਵਲੋਂ ਹਟਾ ਕੇ, ਅਪਣੇ ਵਲ ਖਿੱਚਣ ਦਾ ਯਤਨ ਕੀਤਾ ਗਿਆ ਹੈ।
Shiromani Akali Dal Protest Against Farmer Ordinance
ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਧਨ ਦੀ ਅੰਨ੍ਹੀ ਵਰਤੋਂ ਨਾਲ ਉਨ੍ਹਾਂ ਨੂੰ ਕਿਸਾਨਾਂ ਵਲ ਸਾਰੇ ਦੇਸ਼ ਦਾ ਧਿਆਨ ਖਿੱਚਣ ਵਿਚ ਮਦਦ ਕਰਨੀ ਚਾਹੀਦੀ ਸੀ, ਨਾਕਿ ਅਪਣੇ ਵਲ। ਇਸ ਨਾਲ ਉਹ ਕਿਸਾਨਾਂ ਦੇ ਦਿਲ ਨਹੀਂ ਜਿਤ ਸਕਣਗੇ।