
ਕਿਸਾਨਾਂ ਨੂੰ ਮਜ਼ਬੂਤ ਕਰਨਾ ਮੋਦੀ ਸਰਕਾਰ ਦੀ ਪਹਿਲ ਹੈ : ਗੋਇਲ
ਜੈਪੁਰ, 1 ਅਕਤੂਬਰ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਮਜ਼ਬੂਤ ਕਰਨਾ ਮੋਦੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਕਿਹਾ ਜੇ ਕਿਸਾਨ ਸਸ਼ਕਤ ਹੋਏ ਤਾਂ ਦੇਸ਼ ਹੋਰ ਮਜ਼ਬੂਤ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਛੇ ਸਾਲਾਂ ਤੋਂ ਕਿਸਾਨੀ ਦੇ ਜੀਵਨ ਵਿਚ ਤਬਦੀਲੀਆਂ ਲਿਆਉਣ, ਉਨ੍ਹਾਂ ਦੇ ਉਤਪਾਦਨ ਵਿਚ ਵਾਧਾ ਕਰਨ ਅਤੇ ਉਤਪਾਦਨ ਦੀ ਸਹੀ ਕੀਮਤ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਪਣੀਆਂ ਪਹਿਲਕਦਮੀਆਂ ਰਾਹੀਂ ਕਿਸਾਨਾਂ ਦਾ ਭਰੋਸਾ ਅਤੇ ਦਿਲ ਜਿਤਿਆ ਹੈ। ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਵਲ ਇਸ਼ਾਰਾ ਕਰਦਿਆਂ ਗੋਇਲ ਨੇ ਕਿਹਾ ਕਿ ਕਿਸਾਨ ਸਾਲਾਂ ਤੋਂ ਕਈ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਵਿਚ ਬੰਨ੍ਹੇ ਹੋਏ ਹਨ ਅਤੇ ਕੇਂਦਰ ਸਰਕਾਰ ਨੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਪਿਛਲੇ ਮਹੀਨਿਆਂ ਵਿਚ ਕਈ ਪਰਿਵਰਤਨਸ਼ੀਲ ਕਦਮ ਚੁਕੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਸੰਕਟ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਕੀਕਤ ਦੇਸ਼ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਵੱਖ-ਵੱਖ ਬੰਧਨਾਂ ਤੋਂ ਆਜ਼ਾਦ ਕਰਵਾਇਆ ਗਿਆ ਹੈ।
ਗੋਇਲ ਨੇ ਕਿਹਾ,“ਨਾ ਤਾਂ ਅਸੀਂ ਮੰਡੀ ਨੂੰ ਖ਼ਤਮ ਕੀਤਾ ਹੈ ਅਤੇ ਨਾ ਹੀ ਏਪੀਐਮਸੀ ਨੂੰ। ਸਿਸਟਮ ਨੂੰ ਮੁੱਖ ਰਖਦਿਆਂ, ਕਿਸਾਨ ਅਪਣੀ ਮਰਜ਼ੀ ਨਾਲ ਕਿਤੇ ਵੀ ਉਤਪਾਦ ਵੇਚ ਸਕਦਾ ਹੈ। (ਏਜੰਸੀ)