
ਦੇਸ਼ ਵਿਚ 5ਜੀ ਸੇਵਾ ਹੋਈ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਦਸਿਆ 'ਨਵੇਂ ਯੁੱਗ ਦੀ ਸ਼ੁਰੂਆਤ'
ਅਗਲੇ ਦੋ ਸਾਲਾਂ ਵਿਚ ਪੂਰੇ ਦੇਸ਼ 'ਚ ਮਿਲੇਗੀ 5ਜੀ ਸੇਵਾ
ਨਵੀਂ ਦਿੱਲੀ, 1 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰ-ਫ਼ਾਸਟ ਇੰਟਰਨੈਟ ਸੁਵਿਧਾ ਦੇਣ ਵਾਲੀ 5ਜੀ ਸੇਵਾ ਦੀ ਸ਼ੁਰੂਆਤ ਕਰਦੇ ਹੋਏ ਸਨਿਚਰਵਾਰ ਨੂੰ ਕਿਹਾ ਕਿ ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਵਿਆਪਕ ਮੌਕਿਆਂ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ | ਪ੍ਰਧਾਨ ਮੰਤਰੀ ਨੇ ਇਥੇ ਆਯੋਜਤ 'ਇੰਡੀਅਨ ਮੋਬਾਈਲ ਕਾਂਗਰਸ' 2022 (ਆਈਐਮਸੀ) ਵਿਚ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿਚ 5 ਇੰਟਰਨੈਟ ਸੇਵਾਵਾਂ ਦਾ ਉਦਘਾਟਨ ਕੀਤਾ | ਅਗਲੇ ਦੋ ਸਾਲਾਂ ਵਿਚ ਇਸ ਸੇਵਾ ਨੂੰ ਦੇਸ਼ ਭਰ ਵਿਚ ਫੈਲਾਉਣ ਦੀ ਯੋਜਨਾ ਹੈ |
ਦੇਸ਼ ਦੀ ਦੂਜੀ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਨੇ ਦਿੱਲੀ, ਮੁੰਬਈ, ਬੰਗਲੁਰੂ ਅਤੇ ਵਾਰਾਣਸੀ ਸਮੇਤ ਅੱਠ ਸ਼ਹਿਰਾਂ ਵਿਚ 5ਜੀ ਸੇਵਾਵਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿਤੀ ਹੈ | ਉਥੇ ਦੇਸ਼ ਦੀ ਸੱਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਉ ਦੀਵਾਲੀ ਤਕ ਚਾਰ ਮੈਟਰੋ ਸ਼ਹਿਰਾਂ ਵਿਚ 5ਜੀ ਸੇਵਾ ਸ਼ੁਰੂ ਕਰੇਗੀ ਜਦਕਿ ਵੋਡਾਫੋਨ ਆਈਡੀਆ ਨੇ ਇਸ ਦੀ ਸ਼ੁਰੂਆਤ ਦੀ ਹਾਲੇ ਕੋਈ ਕੋਈ ਸਮੇਂ ਸੀਮਾ ਨਹੀਂ ਦਿਤੀ ਹੈ |
ਇਸ ਮੌਕੇ 'ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, T5ਜੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸ਼ਾਉਂਦਾ ਹੈ ਅਤੇ ਇਸ ਵਿਚ ਅਥਾਹ ਮੌਕੇ ਪੈਦਾ ਕਰਨ ਦੀ ਸਮਰੱਥਾ ਹੈ |'' ਉਨ੍ਹਾਂ ਕਿਹਾ ਕਿ ਦੇਸ਼ ਦੂਰਸੰਚਾਰ ਦੀ 2ਜੀ, 3ਜੀ ਅਤੇ 4ਜੀ ਤਕਨੀਕ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਸੀ ਪਰ 5ਜੀ ਸੇਵਾ ਦੇ ਮਾਮਲੇ ਵਿਚ ਦੇਸ਼ ਨੇ ਇਤਿਹਾਸ ਰਚ ਦਿਤਾ ਹੈ |
ਉਨ੍ਹਾਂ ਭਾਰਤ ਵਿਚ ਡਾਟਾ ਚਾਰਜ ਨੂੰ ਦੁਨੀਆ ਭਰ 'ਚ ਸੱਭ ਤੋਂ ਘੱਟ ਦਸਦੇ ਹੋਏ ਕਿਹਾ ਕਿ ਸਾਲ 2014 'ਚ ਇਕ ਜੀਬੀ ਡਾਟਾ ਦੀ ਕੀਮਤ 300 ਰੁਪਏ ਸੀ ਪਰ ਹੁਣ ਉਹੀ ਡਾਟਾ ਚਾਰਜ ਘੱਟ ਕੇ 10 ਰੁਪਏ 'ਤੇ ਆ ਗਏ ਹਨ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਔਸਤਨ 14 ਜੀਬੀ ਡੇਟਾ ਦੀ ਮਹੀਨਾਵਾਰ ਖਪਤ ਕਰਦਾ ਹੈ ਜਿਸ ਦੀ ਕੀਮਤ 125-150 ਰੁਪਏ ਬਣਦੀ ਹੈ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਕਰੋੜਾਂ ਰੁਪਏ ਦੇ ਮੋਬਾਈਲ ਫੋਨ ਨਿਰਯਾਤ ਕਰ ਰਿਹਾ ਹੈ, ਜਦੋਂ ਕਿ ਪਹਿਲਾਂ ਇਨ੍ਹਾਂ ਦੀ ਦਰਾਮਦ ਕਰਨੀ ਪੈਂਦੀ ਸੀ | ਇਸ ਦੇ ਨਾਲ ਹੀ ਉਨ੍ਹਾਂ ਨੇ ਡਿਜੀਟਲ ਪੇਮੈਂਟਸ 'ਚ ਆਈ ਉਛਾਲ ਦਾ ਵੀ ਜ਼ਿਕਰ ਕੀਤਾ |
(ਏਜੰਸੀ)