
ਲੋਕਾਂ ਦੇ ਪੈਸੇ ਲੈ ਕੇ ਫ਼ਰਾਰ ਹੋ ਗਿਆ ਸੀ ਪੋਸਟਮਾਸਟਰ, ਲੋਕਾਂ ਨੂੰ ਅਜੇ ਤਕ ਨਹੀਂ ਮਿਲ ਸਕਿਆ ਇਨਸਾਫ਼
ਕਪੂਰਥਲਾ- ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਦੇ ਨਾਮ ਹੇਠ ਕਈ ਵਾਰ ਪਿੰਡਾਂ ਦੇ ਭੋਲ਼ੇ ਭਾਲ਼ੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਕਈ-ਕਈ ਸਾਲ ਤਕ ਪਤਾ ਨਹੀਂ ਚਲਦਾ ਅਜਿਹੀ ਹੀ ਇਕ ਠੱਗੀ ਦਾ ਸ਼ਿਕਾਰ ਹੋਏ ਨੇ ਕਪੂਰਥਲਾ ਦੇ ਪਿੰਡ ਧਾਰੀਵਾਲ ਬੇਟ ਦੇ ਰਹਿਣ ਵਾਲੇ ਲੋਕ। ਜਦੋਂ ਇਨ੍ਹਾਂ ਪੀੜਤ ਲੋਕਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਇਨ੍ਹਾਂ ਨੇ ਡਾਕ ਵਿਭਾਗ ਦੇ ਸਰਕਾਰੀ ਬਾਬੂ ਨੂੰ ਬੰਦੀ ਬਣਾ ਲਿਆ।
ਦਰਅਸਲ ਇਨ੍ਹਾਂ ਲੋਕਾਂ ਵੱਲੋਂ ਕਪੂਰਥਲਾ ਦੇ ਪਿੰਡ ਧਾਰੀਵਾਲ ਬੇਟ ਦੇ ਡਾਕਘਰ ਵਿਚ ਕੇਂਦਰ ਸਰਕਾਰ ਦੀ ਜਨ ਧਨ ਯੋਜਨਾ ਅਧੀਨ ਹਰ ਮਹੀਨੇ ਪੈਸੇ ਜਮ੍ਹਾਂ ਕਰਵਾਏ ਜਾਂਦੇ ਸਨ ਪਰ ਕਰੀਬ ਛੇ ਮਹੀਨੇ ਪਹਿਲਾਂ ਇਹ ਸਾਰੇ ਲੋਕ ਉਸ ਸਮੇਂ ਹੱਕੇ ਬੱਕੇ ਰਹਿ ਗਏ ਸਨ ਜਦੋਂ ਡਾਕਖ਼ਾਨੇ ਦਾ ਪੋਸਟਮਾਸਟਰ ਇਨ੍ਹਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ ਸੀ ਜੋ ਅਜੇ ਤਕ ਪਰਿਵਾਰ ਸਮੇਤ ਲਾਪਤਾ ਹੈ।
Fraud
ਦਰਅਸਲ ਇਹ ਲੋਕ ਮਹੀਨਾਵਾਰ ਕਿਸ਼ਤ ਪੋਸਟ ਮਾਸਟਰ ਕੋਲ ਜਮ੍ਹਾਂ ਕਰਵਾਉਂਦੇ ਰਹੇ ਪਰ ਪੋਸਟ ਮਾਸਟਰ ਨੇ ਇਨ੍ਹਾਂ ਦੇ ਪੈਸੇ ਸਰਕਾਰੀ ਰਿਕਾਰਡ ਵਿਚ ਕਦੇ ਜਮ੍ਹਾਂ ਹੀ ਨਹੀਂ ਕਰਵਾਏ ਅਤੇ ਉਹ ਪਾਸਬੁੱਕ ’ਤੇ ਐਂਟਰੀ ਸਮੇਤ ਜਾਅਲੀ ਮੋਹਰ ਲਗਾ ਦਿੰਦਾ ਸੀ ਅਤੇ ਹੁਣ ਉਹ ਪਿਛਲੇ ਛੇ ਮਹੀਨੇ ਲੋਕਾਂ ਦੀਆਂ ਪਾਸਬੁੱਕਾਂ ਸਮੇਤ ਫ਼ਰਾਰ ਹੈ ਜਿਸ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ।
ਹੁਣ ਉਸ ਸਮੇਂ ਮਾਹੌਲ ਦੁਬਾਰਾ ਤੋਂ ਗਰਮਾ ਗਿਆ ਜਦੋਂ ਡਾਕਘਰ ਦਾ ਇਕ ਸਰਕਾਰੀ ਬਾਬੂ ਇਨ੍ਹਾਂ ਪੀੜਤ ਲੋਕਾਂ ਨੂੰ ਡੁਪਲੀਕੇਟ ਪਾਸਬੁੱਕਾਂ ਵੰਡਣ ਲਈ ਪਿੰਡ ਧਾਰੀਵਾਲ ਬੇਟ ਵਿਖੇ ਆਇਆ ਪਰ ਅਪਣੇ ਨਾਲ ਹੋਈ ਠੱਗੀ ਤੋਂ ਭੜਕੇ ਲੋਕਾਂ ਨੇ ਸਰਕਾਰੀ ਬਾਬੂ ਨੂੰ ਕੁੱਝ ਸਮੇਂ ਲਈ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਮੌਕੇ ’ਤੇ ਪੁਲਿਸ ਬੁਲਾ ਲਈ।
ਡਾਕਖ਼ਾਨੇ ਦੇ ਸਰਕਾਰੀ ਬਾਬੂ ਦਾ ਕਹਿਣਾ ਹੈ ਕਿ ਉਹ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਡੁਪਲੀਕੇਟ ਪਾਸਬੁੱਕਾਂ ਵੰਡਣ ਲਈ ਆਇਆ ਸੀ ਕਿਉਂਕਿ ਅਸਲੀ ਪਾਸਬੁੱਕਾਂ ਤਾਂ ਪੋਸਟ ਮਾਸਟਰ ਲੈ ਕੇ ਫ਼ਰਾਰ ਹੋ ਗਿਆ ਸੀ ਪਰ ਇਨ੍ਹਾਂ ਲੋਕਾਂ ਨੇ ਉਸ ਨੂੰ ਕੁੱਝ ਸਮੇਂ ਲਈ ਕਮਰੇ ਵਿਚ ਬੰਦ ਕਰ ਦਿੱਤਾ।
Fraud
ਫਿਲਹਾਲ ਅਪਣੇ ਨਾਲ ਹੋਈ ਠੱਗੀ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਇਹ ਲੋਕ ਪਿਛਲੇ ਕਰੀਬ ਛੇ ਮਹੀਨੇ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਕਿਉਂਕਿ ਇਨ੍ਹਾਂ ਦੇ ਉਹ ਪੈਸੇ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਏ ਹਨ ਜੋ ਇਨ੍ਹਾਂ ਨੇ ਅਪਣੀਆਂ ਬੱਚੀਆਂ ਲਈ ਜਮ੍ਹਾਂ ਕਰਵਾਏ ਸਨ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਨ੍ਹਾਂ ਪੀੜਤ ਲੋਕਾਂ ਨੂੰ ਕਦੋਂ ਇਨਸਾਫ ਮਿਲਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।