
ਬਲਬੀਰ ਸਿੰਘ ਸਿੱਧੂ ਨੇ ਰਾਜ ਪਧਰੀ ਪਲਸ ਪੋਲੀਉ ਮੁਹਿੰਮ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ/ਐਸ.ਏ.ਐਸ. ਨਗਰ, 1 ਨਵੰਬਰ (ਸੋਈ): ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਤਿੰਨ ਦਿਨਾਂ ਪਲਸ ਪੋਲੀਉ ਮੁਹਿੰਮ ਦੀ ਸ਼ੁਰੂਆਤ ਬੱਚਿਆਂ ਨੂੰ ਪੋਲੀਉ ਬੂੰਦਾ ਪਿਆ ਕੇ ਕੀਤੀ ਗਈ। ਇਸ ਸੰਬੰਧੀ ਰਾਜ ਪਧਰੀ ਸਮਾਗਮ ਪਿੰਡ ਸੋਹਾਣਾ ਦੀ ਸਰਕਾਰੀ ਡਿਸਪੈਂਸਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਸ.ਐਨ.ਆਈ.ਡੀ.) ਮੁਹਿੰਮ ਅਧੀਨ 1 ਨਵੰਬਰ ਤੋਂ 3 ਨਵੰਬਰ ਤਕ ਸੂਬਾ ਭਰ ਵਿਚ ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਾਅ ਕਾਰਨ ਇਸ ਮੁਹਿੰਮ ਤਹਿਤ ਸਿਰਫ਼ ਉੱਚ ਜੋਖ਼ਮ ਵਾਲੇ ਖੇਤਰ, ਪ੍ਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ ਤੇ ਬਸਤੀ ਖੇਤਰ ਹੀ ਕਵਰ ਕੀਤੇ ਜਾਣਗੇ। ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਪੜਾਅ ਵਿਚ ਸੂਬਾ ਭਰ ਵਿਚ 5,31,935 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ ਜਿਸ ਲਈ ਕੁਲ 8436 ਸਥਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਮੁਹਿੰਮ ਨੂੰ ਸਫ਼ਲ ਬਣਾਉਣ ਲਈ ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ ਕੁਲ 4180 ਟੀਮਾਂ ਬਣਾਈਆਂ ਗਈਆਂ ਹਨ। ਜਦੋਂ ਕਿ 559 ਮੋਬਾਈਲ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ। ਕੁਲ 21143 ਵੈਕਸੀਨੇਟਰ ਦੀ ਤੈਨਾਤੀ ਕੀਤੀ ਗਈ ਹੈ ਅਤੇ ਸਮੁੱਚੀ ਮੁਹਿੰਮ ਤੇ ਨਿਗਰਾਨੀ ਰੱਖਣ ਲਈ 802 ਸੁਪਰਵਾਇਜ਼ਰਾਂ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 2734 ਏ.ਐਨ.ਐਮ., 7696 ਆਂਗਨਵਾੜੀ ਵਰਕਰਾਂ, 8965 ਆਸ਼ਾਂ ਵਰਕਰਾਂ ਅਤੇ 2143 ਹੋਰ ਕਰਮਚਾਰੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਕਰਨਗੇ।