
ਡੀ.ਸੀ. ਦਫ਼ਤਰ ਦੇ ਘਿਰਾਉ ਦੌਰਾਨ ਪ੍ਰਸ਼ਾਸਨ ਨਾਲ ਸਮਝੌਤਾ ਹੋ ਜਾਣ ਪਿਛੋਂ ਕਿਸਾਨਾਂ ਦਾ ਸੰਘਰਸ਼ ਜੇਤੂ ਹੋ ਨਿਬੜਿਆ
ਮਾਨਸਾ, 1 ਨਵੰਬਰ (ਸੁਖਵੰਤ ਸਿੰਘ ਸਿੱਧੂ): ਕਿਸਾਨ ਅੰਦੋਲਨ ਵਿਚ ਸ਼ਹੀਦ ਹੋਈ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ 13 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੇਨ ਗੇਟ ਦੇ ਕੀਤੇ ਘਿਰਾਉ ਦੌਰਾਨ ਪ੍ਰਸ਼ਾਸਨ ਨਾਲ ਅੱਜ ਸਮਝੌਤਾ ਹੋ ਜਾਣ ਕਾਰਨ ਕਿਸਾਨਾਂ ਦਾ ਸੰਘਰਸ਼ ਜੇਤੂ ਹੋ ਨਿਬੜਿਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਬਿਆਨ ਜਾਰੀ ਕਰਦਿਆਂ ਦਸਿਆ ਕਿ ਕਲ ਰਾਤ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਉਨ੍ਹਾਂ ਤੋਂ ਇਲਾਵਾ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਮਾਤਾ ਤੇਜ ਕੌਰ ਦੇ ਬੇਟੇ ਬਾਬੂ ਸਿੰਘ, ਮਿੱਠੂ ਸਿੰਘ ਸ਼ਾਮਲ ਸਨ। ਪੁਲਿਸ ਵਲੋਂ ਡੀ.ਐਸ.ਪੀ. ਗੁਰਮੀਤ ਸਿੰਘ ਸ਼ਾਮਲ ਸਨ ਜਿਸ ਵਿਚ ਤੈਅ ਕੀਤਾ ਗਿਆ ਕਿ ਪ੍ਰਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿਤਾ ਜਾਵੇਗਾ ਜੋ ਕਿ 5 ਲੱਖ ਰੁਪਏ ਚੈੱਕਾਂ ਰਾਹੀਂ, 5 ਲੱਖ ਨਕਦ ਰਾਸ਼ੀ ਦੇ ਰੂਪ ਵਿਚ ਦਿਤਾ ਜਾਵੇਗਾ। ਇਹ ਅੱਧੀ ਰਕਮ ਤੁਰਤ ਅਤੇ ਅੱਧੀ ਜਾਣੀ 5 ਲੱਖ ਭੋਗ ਸਮਾਗਮ ਤੇ ਦਿਤੇ ਜਾਣਗੇ ਅਤੇ ਕਰਜ਼ਾ ਮਾਫ਼ੀ, ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਅੱਜ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਲੱਗੇ ਧਰਨੇ ਦੌਰਾਨ ਪੁਲਿਸ ਦੇ ਡੀ.ਐਸ.ਪੀ. ਗੁਰਮੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਮਾਤਾ ਦੇ ਪੁੱਤਰ ਮਿੱਠੂ ਸਿੰਘ ਨੂੰ ਭਰੇ ਇਕੱਠ ਵਿਚ 3 ਲੱਖ ਰੁਪਏ ਦਾ ਚੈੱਕ ਅਤੇ ਦੋ ਲੱਖ ਰੁਪਏ ਨਕਦ ਸੌਂਪ ਦਿਤੇ ਗਏ ਜਦਕਿ ਬਾਕੀ ਰਕਮ 5 ਲੱਖ ਰੁਪਏ ਭੋਗ ਸਮਾਗਮ ਤੇ ਦਿਤੇ ਜਾਣਗੇ। ਕਰਜ਼ਾ ਮੁਆਫੀ ਅਤੇ ਨੌਕਰੀ ਦੀ ਕੀਤੀ ਗਈ ਸਿਫਾਰਿਸ਼ ਦੀ ਲਿਖਤੀ ਕਾਪੀ ਦੇ ਦਿਤੀ ਗਈ।
ਜਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ 13 ਅਕਤੂਬਰ ਤੋਂ ਡੀ.ਸੀ. ਦਫ਼ਤਰ ਦਾ ਘਿਰਾਉ ਅਤੇ ਰਿਹਾਇਸ਼ ਅੱਗੇ ਧਰਨਾ ਦਿਤਾ ਜਾ ਰਿਹਾ ਸੀ ਜੋ ਅੱਜ ਸਮਝੌਤੇ ਤੋਂ ਬਾਅਦ ਘਿਰਾਉ ਅਤੇ ਧਰਨਾ ਖ਼ਤਮ ਕਰ ਦਿਤਾimage ਗਿਆ। ਇਸ ਮੌਕੇ ਮਹਿੰਦਰ ਸਿੰਘ ਰੋਮਾਣਾ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀ ਬਾਘਾ, ਬੱਲਮ ਸਿੰਘ ਫਫੜੇ, ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਵੀ ਸੰਬੋਧਨ ਕੀਤਾ।
ਫ਼ੋਟੋ : ਮਾਨਸਾ-2