
ਸ੍ਰੀਨਗਰ 'ਚ ਸੈਨਾ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਹਿਜ਼ਬੁਲ ਕਮਾਂਡਰ ਸੈਫ਼ਉੱਲਾ ਢੇਰ, ਇਕ ਅਤਿਵਾਦੀ ਗ੍ਰਿਫ਼ਤਾਰ
ਮੁਕਾਬਲੇ ਵਾਲੀ ਥਾਂ ਨੇੜੇ ਇਕੱਠੇ ਹੋਏ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਕੀਤੀ ਪੱਥਰਬਾਜ਼ੀ
ਜੰਮੂ-ਕਸ਼ਮੀਰ, 1 ਨਵੰਬਰ (ਸਰਬਜੀਤ ਸਿੰਘ) ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਸਫ਼ਲਤਾ ਮਿਲੀ ਹੈ। ਸ੍ਰੀਨਗਰ ਵਿਚ ਐਤਵਾਰ, 1 ਨਵੰਬਰ ਦੀ ਦੁਪਹਿਰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਇਸ ਵਿਚ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਹਿਜ਼ਬੁਲ ਕਮਾਂਡਰ ਸੈਫ਼ਉੱਲਾ ਨੂੰ ਮਾਰ ਦਿਤਾ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਇਥੇ ਪੁਰਾਣੇ ਹਵਾਈ ਅੱਡੇ ਨੇੜੇ ਰੰਗਰੇਥ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਭਾਲ ਇਲਾਕੇ ਵਿਚ ਕੀਤੀ ਜਾ ਰਹੀ ਸੀ ਜਦੋਂ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿਤੀਆਂ।
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋਇਆ। ਅਧਿਕਾਰੀ ਨੇ ਦਸਿਆ ਕਿ ਇਕ ਅਤਿਵਾਦੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਮੁਕਾਬਲੇ ਵਾਲੀ ਜਗ੍ਹਾ ਨੇੜੇ ਇਕੱਠੇ ਹੋਏ ਸਨ ਅਤੇ ਸੁਰੱਖਿਆ ਬਲਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿਤੇ।