
ਕੈਪਟਨ ਵਲੋਂ ਨੱਢਾ ਨੂੰ ਪੱਤਰ ਲਿਖੇ ਜਾਣ ਉਤੇ ਅਕਾਲੀ ਦਲ ਤੇ 'ਆਪ' ਨੇ ਚੁੱਕੇ ਸਵਾਲ
ਪ੍ਰਧਾਨ ਮੰਤਰੀ ਤੋਂ ਸਮਾਂ ਲੈ ਕੇ ਕਿਸਾਨ ਮੁੱਦਿਆਂ ਬਾਰੇ ਸਿੱਧੀ ਗੱਲਬਾਤ ਕਰਨ ਦੀ ਮੰਗ ਉਠਾਈ
ਚੰਡੀਗੜ੍ਹ, 1 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਰੇਲ ਗੱਡੀਆਂ ਬਹਾਲ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਅੰਦੋਲਨ ਦੇ ਮਾਮਲੇ ਦੇ ਹੱਲ ਲਈ ਲਿਖੇ ਪੱਤਰ ਉਤੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਇਨ੍ਹਾਂ ਪਾਰਟੀਆਂ ਦਾ ਕਹਿਣਾ ਹੈ ਕਿ ਭਾਜਪਾ ਪ੍ਰਧਾਨ ਨੂੰ ਅਜਿਹਾ ਪੱਤਰ ਲਿਖੇ ਜਾਣ ਦਾ ਕੋਈ ਮਤਲਬ ਨਹੀਂ ਜਦਕਿ ਫ਼ੈਸਲਾ ਕਰਨ ਦੀ ਸ਼ਕਤੀ ਪ੍ਰਧਾਨ ਮੰਤਰੀ ਦੇ ਹੱਥ ਹੈ। ਇਹ ਵੀ ਸੁਆਲ ਉਠਾਇਆ ਗਿਆ ਹੈ ਕਿ ਆਖ਼ਰ ਮੁੱਖ ਮੰਤਰੀ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦੀ ਥਾਂ ਇਧਰ-ਉੱਧਰ ਹੱਥ ਪੈਰ ਮਾਰਨ ਵਿਚ ਕਿਉਂ ਸਮਾਂ ਗੁਆ ਰਹੇ ਹਨ?
ਜ਼ਿਕਰਯੋਗ ਹੈ ਕਿ ਅਕਾਲੀ ਦਲ ਤੇ 'ਆਪ' ਦੋਨੇਂ ਹੀ ਰਾਸ਼ਟਰਪਤੀ ਨੂੰ ਪੰਜਾਬ ਵਲੋਂ ਪਾਸ ਕੀਤੇ ਖੇਤੀ ਬਿਲਾਂ ਦੀ ਮਨਜ਼ੂਰੀ ਨੂੰ ਲੈ ਕੇ ਨਾਲ ਚਲਣ ਦੇ ਸੱਦੇ ਨੂੰ ਵੀ ਸਵੀਕਾਰ ਨਹੀਂ ਕਰ ਰਹੇ। ਇਸ ਪਿੱਛੇ ਵੀ ਦੋਹਾਂ ਪਾਰਟੀਆਂ ਦਾ ਇਹੀ ਤਰਕ ਹੈ ਕਿ ਰਾਸ਼ਟਰਪਤੀ ਦੇ ਹੱਥ ਵਿਚ ਕੁੱਝ ਵੀ ਨਹੀਂ ਅਤੇ ਜੇ ਕੇਂਦਰ ਖੇਤੀ ਕਾਨੂੰਨਾਂ ਉਤੇ ਕੋਈ ਮੁੜ ਵਿਚਾਰ ਹੋਈ ਹੈ, ਤਾਂ ਇਹ ਪ੍ਰਧਾਨ ਮੰਤਰੀ ਹੀ ਕਰ ਸਕਦੇ ਹਨ। ਅੱਜ ਮੁੱਖ ਮੰਤਰੀ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਨੂੰ ਲਿਖੇ ਪੱਤਰ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮਸਲਾ ਹੱਲ ਕਰਨ ਪ੍ਰਤੀ ਗੰਭੀਰਤਾ ਨਹੀਂ ਬਲਕਿ ਮਾਮਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਟਕਾਈ ਰੱਖਣ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇ ਸੱਚਮੁੱਚ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਚਾਹੁੰਦੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਪਤਾ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਸਾਹਮਣੇ ਕਿਸਾਨਾਂ ਦਾ ਮੁੱਦਾ ਲੈ ਕੇ ਜਾਣ ਲਈ ਤਿਆਰ ਨਹੀਂ? ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕੈਪਟਨ ਦੇ ਪੱਤਰ ਉਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨੱਡਾ ਭਾਜਪਾ ਦੇ ਸਿਆਸੀ ਨੇਤਾ ਹਨ ਪਰ ਮਾਲ ਗੱਡੀਆਂ ਤੇ ਕਿਸਾਨਾਂ ਬਾਰੇ ਬਿਲਾਂ ਦਾ ਮਾਮਲਾ ਪ੍ਰਸਾਸ਼ਨਕ ਹੈ ਜਿਸ ਬਾਰੇ ਪ੍ਰਧਾਨ ਮੰਤਰੀ ਦੇ ਹੁਕਮਾਂ ਉਤੇ ਹੀ ਕੋਈ ਕਾਰਵਾਈ ਹੋ ਸਕਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਸਮਾਂ ਲੈਣ ਤਾਂ ਅਸੀ ਵੀ ਨਾਲ ਚੱਲਣ ਨੂੰ ਤਿਆਰ ਹਾਂ। ਚੀਮਾ ਨੇ ਕਿਹਾ ਕਿ ਹਾਲੇ ਤਕ ਜਦੋਂ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤਕ ਮਸਲਾ ਉਠਾਉਣ ਲਈ ਪਹੁੰਚ ਨਹੀਂ ਕੀਤੀ।