
ਬਿੱਟੂ ਨੇ ਸ਼ੰਭੂ ਮੋਰਚੇ 'ਤੇ ਚੁੱਕੇ ਸਵਾਲ
ਕਿਹਾ, ਇਥੇ ਬੈਠੇ ਕਿਸਾਨ ਨਹੀਂ, ਲੱਗ ਰਹੇ ਨੇ ਖ਼ਾਲਿਸਤਾਨੀ ਨਾਹਰੇ
ਚੰਡੀਗੜ੍ਹ, 1 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਖੇਤੀ ਕਾਨੂੰਨਾਂ ਵਿਰੁਧ ਲੱਗੇ ਸ਼ੰਭੂ ਮੋਰਚੇ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਕਿਸਾਨ ਆਗੂ ਟੋਲ ਪਲਾਜ਼ਿਆਂ ਜਾਂ ਫਿਰ ਅਪਣੇ ਖੇਤਰ ਵਿਚ ਧਰਨੇ ਉਤੇ ਬੈਠੇ ਹਨ, ਸ਼ੰਭੂ ਮੋਰਚੇ ਉਤੇ ਸ਼ਰੇਆਮ ਖ਼ਾਲਿਸਤਾਨ ਦੇ ਨਾਹਰੇ ਲੱਗ ਰਹੇ ਹਨ, ਇਥੇ ਮੋਰਚਾ ਲਾਈ ਬੈਠੇ ਕਿਸਾਨ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੇ ਲੋਕ ਪਹਿਲਾਂ ਹੀ ਆਖ ਰਹੇ ਸਨ ਕਿ ਇਹ ਕਿਸਾਨ ਨਹੀਂ ਹਨ, ਇਸ ਦਾ ਮਤਲਬ ਹੁਣ ਸਾਫ਼ ਹੋ ਗਿਆ ਹੈ ਕਿ ਜੋ ਸ਼ਖ਼ਸ ਗੁਰਦਾਸਪੁਰ ਚੋਣ ਵਿਚ ਸਨੀ ਦਿਉਲ ਨਾਲ ਸੱਜਾ ਹੱਥ ਬਣ ਕੇ ਘੁੰਮ ਰਿਹਾ ਸੀ, ਉਹ ਇਸ ਮੋਰਚੇ ਉਤੇ ਬੈਠਾ ਹੈ। ਬਿੱਟੂ ਨੇ ਕਿਹਾ ਕਿ ਉਸ ਨੂੰ ਆਰ.ਐਸ.ਐਸ ਤੇ ਭਾਜਪਾ ਵਾਲਿਆਂ ਨੇ ਹੀ ਬਿਠਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ੰਭੂ ਬਾਰਡਰ 'ਤੇ ਬੈਠੇ ਲੋਕਾਂ ਦਾ ਕਿਸਾਨੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤੇ ਡੀਜੀਪੀ ਸਾਹਿਬ ਨੂੰ ਆਖਣਾ ਚਾਹਾਂਗਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸ਼ੰਭੂ ਮੋਰਚੇ ਉਤੇ ਕਿਸਾਨ ਨਹੀਂ ਹਨ। ਇਹ ਲੋਕ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਹ ਕਿਸੇ ਸਾਜ਼ਸ਼ ਤਹਿਤ ਮੋਰਚਾ ਲਾਈ ਬੈਠੇ ਹਨ।