
ਐਲਾਨਾਂ ਅਤੇ ਘੁਟਾਲਿਆਂ ਦੀ ਭੇਂਟ ਹੀ ਚੜ੍ਹਦੀ ਹੈ ਬੀਜ ਸਬਸਿਡੀ, ਨਹੀਂ ਮਿਲਦਾ ਕਿਸਾਨਾਂ ਨੂੰ ਲਾਭ- 'ਆਪ'
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਬੀਜ ਸਬਸਿਡੀ ਦੇ ਨਾਂਅ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਪਾਰਟੀ ਨੇ ਮੁੱਖ ਮੰਤਰੀ ਕੋਲੋਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਪਿਛਲੇ ਸਾਲ (2019-20) 'ਚ ਕਿਸਾਨਾਂ ਲਈ ਜਾਰੀ ਹੋਈ ਬੀਜ ਸਬਸਿਡੀ ਦੀ ਕਰੋੜਾਂ ਰੁਪਏ ਦੀ ਰਾਸ਼ੀ ਦਾ ਹਿਸਾਬ ਮੰਗਿਆ ਹੈ, ਜੋ ਕਿਸਾਨਾਂ ਨੂੰ ਮਿਲੀ ਹੀ ਨਹੀਂ। ਸੋਮਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਵੱਲੋਂ ਸਾਲ 2020-21 ਲਈ ਐਲਾਨੀ ਗਈ ਬੀਜ ਸਬਸਿਡੀ ਨੀਤੀ ਨੂੰ ਕਿਸਾਨਾਂ ਨਾਲ ਸਿੱਧਮ-ਸਿੱਧੀ ਛਲ਼ ਕਪਟੀ ਦੱਸਿਆ।
cm Amrinder Singh
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਸੱਚੀ-ਮੁੱਚੀ ਕਿਸਾਨਾਂ ਦੇ ਹਿਤੈਸ਼ੀ, ਨੀਅਤ ਦੇ ਪਾਕ-ਸਾਫ਼ ਅਤੇ ਦਾਮਨ ਦੇ ਦੁੱਧ ਧੋਤੇ ਹਨ ਤਾਂ ਸਾਲ 2017-18, 2018-19 ਅਤੇ 2019-20 ਬਾਰੇ ਕਿਸਾਨਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੋਈ ਕਰੋੜਾਂ ਰੁਪਏ ਦੀ ਬੀਜ ਸਬਸਿਡੀ ਰਕਮ ਅਤੇ ਲਾਭਪਾਤਰੀ ਕਿਸਾਨਾਂ ਦੇ ਨਾਂ ਅਤੇ ਪਤੇ ਸਮੇਤ ਇੱਕ ਹਫ਼ਤੇ ਦੇ ਅੰਦਰ-ਅੰਦਰ ਵਾਈਟ ਪੇਪਰ ਜਨਤਕ ਕਰਨ। ਸੰਧਵਾਂ ਨੇ ਨਾਲ ਹੀ ਚੁਨੌਤੀ ਦਿੱਤੀ ਕਿ ਕੈਪਟਨ ਆਪਣੀ ਸਰਕਾਰ ਦੌਰਾਨ ਬੀਜ ਸਬਸਿਡੀਆਂ ਦੇ ਨਾਂ 'ਤੇ ਜਾਰੀ ਹੋਈ ਕਰੋੜਾਂ ਦੀ ਰਾਸ਼ੀ ਨੂੰ ਜਨਤਕ ਕਰਨ ਦੀ ਜੁਰਅਤ ਨਹੀਂ ਕਰ ਸਕਦੇ, ਕਿਉਂਕਿ ਬੀਜ ਸਬਸਿਡੀ ਦੀ ਆੜ 'ਚ ਕਿਸਾਨਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ 'ਚ ਕੈਪਟਨ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਦੇ ਸਬਸਿਡੀ ਘੁਟਾਲਿਆਂ ਨੂੰ ਵੀ ਮਾਤ ਦਿੱਤੀ ਹੈ,
Kultar Singh Sandhwan
ਕਿਉਂਕਿ ਮੌਜੂਦਾ ਸਰਕਾਰ 'ਚ ਇਸ ਤੋਂ ਪਹਿਲਾਂ ਹੋਏ ਬੀਜ ਘੁਟਾਲੇ 'ਚ ਜਿੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੱਜਿਆ ਹੈ, ਉੱਥੇ ਬਾਦਲ ਸਰਕਾਰਾਂ ਦੌਰਾਨ ਤਤਕਾਲੀ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਤੋਤਾ ਸਿੰਘ ਉੱਤੇ ਵੀ ਬੀਜ ਘੁਟਾਲਿਆਂ ਦੇ ਲੱਗੇ ਦਾਗ਼ ਲੱਗੇ ਸਨ। ਇਸ ਦੇ ਨਾਲ ਹੀ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਜ਼ੋਰਾਂ 'ਤੇ ਹੈ, ਪਰੰਤੂ ਕੈਪਟਨ ਸਰਕਾਰ ਨੇ ਕੱਲ੍ਹ ਪਹਿਲੀ ਨਵੰਬਰ ਨੂੰ ਸਾਲ 2020-21 ਲਈ ਬੀਜ ਸਬਸਿਡੀ ਦਾ ਐਲਾਨ ਕੀਤਾ ਹੈ।
Baljinder Kaur
ਜੋ ਕਿਸਾਨਾਂ ਦੀਆਂ ਅੱਖਾਂ 'ਚ ਘੱਟਾ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਦੀ ਨੀਅਤ ਅਤੇ ਨੀਤੀ ਕਿਸਾਨ ਹਿਤੈਸ਼ੀ ਹੁੰਦੀ ਤਾਂ ਪਹਿਲੀ ਅਕਤੂਬਰ ਤੱਕ ਬੀਜ ਸਬਸਿਡੀ ਦਾ ਐਲਾਨ ਕਰ ਦਿੰਦੀ ਤਾਂ ਕਿ ਕਿਸਾਨ ਸਮਾਂ ਰਹਿੰਦੇ ਬੀਜ ਸਬਸਿਡੀ ਹਾਸਲ ਕਰਨ ਲਈ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਕੇ 25 ਅਕਤੂਬਰ ਤੋਂ ਪਹਿਲਾਂ-ਪਹਿਲਾਂ ਇਸ ਦਾ ਲਾਭ ਲੈ ਲੈਂਦੇ ਕਿਉਂਕਿ 25 ਅਕਤੂਬਰ ਨੂੰ ਕਣਕ ਦੀ ਬਿਜਾਈ ਦੀ ਅਧਿਕਾਰਤ ਸ਼ੁਰੂਆਤ ਹੋ ਜਾਂਦੀ ਹੈ।