
ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਵਿਚੋਂ ਅਕਾਲੀ ਦਲ ਨੇ ਵੀ ਪੈਰ ਖਿੱਚੇ, ਪਾਰਟੀਆਂ ਦੀ ਏਕਤਾ ਟੁੱਟੀ
ਅਕਾਲੀ ਦਲ ਨੇ ਬੇਸ਼ਕ ਅਜੇ ਬਕਾਇਦਾ ਐਲਾਨ ਨਹੀਂ ਕੀਤਾ ਪ੍ਰੰਤੂ ਸਾਰੇ ਸੀਨੀਅਰ ਨੇਤਾ ਵਫ਼ਦ 'ਚ ਸ਼ਾਮਲ ਹੋਣ ਵਿਰੁਧ
ਚੰਡੀਗੜ੍ਹ, 1 ਨਵੰਬਰ (ਐਸ.ਐਸ. ਬਰਾੜ): ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜੋ ਇਕੱਠੀਆਂ ਨਜ਼ਰ ਆ ਰਹੀਆਂ ਸਨ, ਉਹ ਏਕਤਾ ਹੁਣ ਖ਼ਤਮ ਹੋ ਚੁੱਕੀ ਹੈ ਅਤੇ ਹਰ ਇਕ ਨੇ ਅਪਣਾ ਵਖਰਾ ਰਸਤਾ ਅਖ਼ਤਿਆਰ ਕਰ ਲਿਆ ਹੈ। 4 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਇਕ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਤਹਿ ਕੀਤਾ ਹੈ ਪ੍ਰੰਤੂ ਇਕ ਇਕ ਕਰ ਕੇ ਸਾਰੀਆਂ ਪਾਰਟੀਆਂ ਪਿਛੇ ਹੱਟ ਗਈਆਂ ਹਨ।
ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਨੇਤਾ ਵੀ ਕੈਪਟਨ ਦੀ ਅਗਵਾਈ ਵਿਚ ਜਾਣ ਵਾਲੇ ਵਫ਼ਦ ਦਾ ਹਿੱਸਾ ਨਹੀਂ ਬਣਨਗੇ, ਬੇਸ਼ਕ ਅਜੇ ਤਕ ਪਾਰਟੀ ਨੇ ਇਸ ਸਬੰਧੀ ਬਕਾਇਦਾ ਐਲਾਨ ਨਹੀਂ ਕੀਤਾ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਸੀਨੀਅਰ ਅਕਾਲੀ ਨੇਤਾ ਇਸ ਮਾਮਲੇ 'ਤੇ ਸਲਾਹ ਮਸ਼ਵਰਾ ਕਰਦੇ ਰਹੇ ਹਨ ਅਤੇ ਲਗਭਗ ਸਾਰੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਜਦ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਬਿਲਾਂ ਨਾਲ ਉਹ ਸਹਿਮਤ ਹੀ ਨਹੀਂ ਅਤੇ ਇਨ੍ਹਾਂ ਬਿੱਲਾਂ ਦੀ ਨੁਕਤਾਚੀਨੀ ਵੀ ਕਰ ਚੁੱਕੇ ਹਨ, ਫਿਰ ਉਹ ਰਾਸ਼ਟਰਪਤੀ ਨੂੰ ਮਿਲਣ ਵਾਲੇ ਵਫ਼ਦ ਦਾ ਹਿੱਸਾ ਕਿਸ ਤਰ੍ਹਾਂ ਬਣ ਸਕਦੇ ਹਨ।
ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਪਣਾ ਨਾਮ ਨਾ ਲਿਖਣ ਦੀ ਸ਼ਰਤ ਨਾਲ ਸਪਸ਼ਟ ਕੀਤਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਵਾਲੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਕੇਂਦਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਾਸ ਕੀਤੇ ਬਿਲ ਕਿਸੀ ਵੀ ਤਰ੍ਹਾਂ ਕਿਸਾਨਾਂ ਦੇ ਹਿਤਾਂ ਦੀ ਪੂਰਤੀ ਨਹੀਂ ਕਰਦੇ। ਦੂਜਾ ਰਾਸ਼ਟਰਪਤੀ ਨੂੰ ਮਿਲਣ ਨਾਲ ਕੁੱਝ ਵੀ ਹਾਸਲ ਨਹੀਂ ਹੋਣਾ। ਇਹ ਸਿਰਫ਼ ਇਕ ਵਿਖਾਵਾ ਬਣ ਕੇ ਰਹਿ ਜਾਵੇਗਾ। ਜੇਕਰ ਕੋਈ ਇਸ ਮਸਲੇ ਦਾ ਹੱਲ ਕਰਨ ਦੀ ਸਮਰੱਥਾ ਰਖਦਾ ਹੈ ਉਹ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਹਨ। ਹੋਰ ਕੋਈ ਇਸ ਮਸਲੇ ਦਾ ਹੱਲ ਨਹੀਂ ਕਰ ਸਕੇਗਾ। ਇਸ ਲਈ ਜੇਕਰ ਵਫ਼ਦ ਨੇ ਦਿੱਲੀ ਜਾਣਾ ਹੀ ਹੈ ਤਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਤਹਿ ਕੀਤਾ ਜਾਵੇ।
ਦਸਣਯੋਗ ਹੋਵੇਗਾ ਕਿ ਆਮ ਆਦਮੀ ਪਾਰimageਟੀ ਨੇ ਪਹਿਲਾਂ ਹੀ ਵਫ਼ਦ ਨਾਲ ਜਾਣ ਤੋਂ ਨਾਂਹ ਕਰ ਦਿਤੀ ਹੈ। ਭਾਜਪਾ ਤਾਂ ਜਾਵੇਗੀ ਹੀ ਨਹੀਂ। ਅਕਾਲੀ ਦਲ ਬਾਦਲ ਇਕ ਮੁੱਖ ਪਾਰਟੀ ਵੀ ਇਸ ਵਫ਼ਦ ਤੋਂ ਕਿਨਾਰਾ ਕਰਨ ਦਾ ਮਨ ਬਣਾ ਚੁੱਕੀ ਹੈ ਅਤੇ ਇਸ ਦਾ ਐਲਾਨ ਵੀ ਕਿਸੀ ਸਮੇਂ ਹੋ ਸਕਦਾ ਹੈ। ਇਸ ਤਰ੍ਹਾਂ ਮੁੱਖ ਮੰਤਰੀ ਦੇ ਵਫ਼ਦ ਵਿਚ ਹੋਰ ਕੌਣ ਸ਼ਾਮਲ ਹੋਵੇਗਾ, ਇਹ ਤਾਂ ਸਮਾਂ ਦਸੇਗਾ ਪ੍ਰੰਤੂ ਮੁੱਖ ਪਾਰਟੀਆਂ ਇਸ ਦਾ ਹਿੱਸਾ ਨਹੀਂ ਹੋਣਗੀਆਂ।