
ਕੇਂਦਰ ਨੇ ਪੰਜਾਬ ਨਾਲ ਪੰਜਾਬੀ ਸੂਬੇ ਦਾ ਹੀ ਨਹੀਂ ਹੋਰ ਕਈ ਥਾਈਂ ਵਿਤਕਰੇ ਕੀਤੇ ਸਿੱਖ ਵਿਰੋਧੀਆਂ ਨੇ ਪੰਜਾਬੀ ਦੀ ਥਾਂ ਹਿੰਦੀ ਜ਼ੁਬਾਨ ਲਿਖਵਾਈ
ਅੰਮ੍ਰਿਤਸਰ, 1 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਦੀ ਅਜ਼ਾਦੀ ਸਿੱਖ ਕੌਮ ਲਈ ਤਬਾਹੀ ਦੀ ਉਥਲ-ਪੁਥਲ ਲੈ ਕੇ ਆਈ। ਅੰਗਰੇਜ਼ ਨੇ ਸੱਤਾ ਬਦਲੀ ਵੇਲੇ ਸਿੱਖਾਂ ਨੂੰ ਤੀਜੀ ਧਿਰ ਮੰਨ ਲਿਆ ਸੀ। ਪਰ ਅੰਗਰੇਜ਼ਾਂ ਦੇ ਜਾਣ ਬਾਅਦ ਅਜ਼ਾਦੀ ਮਿਲਣ ਤੇ ਭਾਰਤੀ ਆਗੂਆਂ ਨੇ ਸਿੱਖਾਂ ਨਾਲ ਧੋਖਾ ਕਰਦਿਆਂ 1 ਨਵੰਬਰ 1966 ਨੂੰ ਪੰਜਾਬ ਦੇ ਤਿੰਨ ਟੋਟੇ ਕਰਦਿਆਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਨਵੇਂ ਸੂਬੇ ਕਾਇਮ ਕਰ ਦਿਤੇ। ਇਸ ਵੰਡ ਨਾਲ ਪੰਜਾਬੀ ਜ਼ੁਬਾਨ ਤੇ ਪੰਜਾਬੀ ਬੋਲਦੇ ਇਲਾਕੇ ਵੀ ਇਕ ਸਾਜ਼ਸ਼ ਹਰਿਆਣਾ ਵਿਚ ਸ਼ਾਮਲ ਕਰ ਦਿਤੇ। ਰਾਜਧਾਨੀ ਚੰਡੀਗੜ੍ਹ ਖੋਹ ਲਈ ਤੇ ਉਸ ਨੂੰ ਕੇਂਦਰੀ ਪ੍ਰਦੇਸ਼ ਬਣਾ ਦਿਤਾ। ਪੰਜਾਬ ਦਾ ਪਹਾੜੀ ਖੇਤਰ ਹਿਮਾਚਲ ਨੂੰ ਦੇ ਦਿਤਾ।
ਪੰਜਾਬ ਨਾਲ ਧੱਕਾ ਕਰਦਿਆਂ ਵੱਖ-ਵੱਖ ਕਾਇਮ ਕੀਤੇ ਕਮਿਸ਼ਨਾਂ ਨੇ ਵੀ ਨਿਆਂ ਨਾ ਦਿਤਾ ਤੇ ਅਬੋਹਰ ਫ਼ਾਜ਼ਿਲਕਾ ਹਰਿਆਣਾ ਨੂੰ ਦੇਣ ਦਾ ਐਲਾਨ ਕਰ ਦਿਤਾ। ਦਰਿਆਈ ਪਾਣੀਆਂ ਦੀ ਕਾਂਣੀ ਵੰਡ ਕਰ ਕੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜ਼ਿਆਦਾ ਦੇ ਦਿਤਾ। ਇਹ ਸਾਰੇ ਫ਼ੈਸਲੇ ਕੇਂਦਰ ਦੀ ਪੰਜਾਬ ਖ਼ਾਸ ਕਰ ਕੇ ਸਿੱਖਾਂ ਵਿਰੋਧੀ ਨੀਤੀ ਤਹਿਤ ਹੋਏ। ਸਿਆਸੀ ਆਗੂਆਂ ਮੁਤਾਬਕ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਪੰਜਾਬੀ ਸੂਬੇ ਵਿਰੁਧ ਹੋਣ ਕਾਰਨ ਪੰਜਾਬ ਨੂੰ ਲੰਗੜਾ ਕਰ ਦਿਤਾ ਤੇ 1.11.1966 ਤੋਂ ਬਾਅਦ ਬਣੀਆਂ ਅਕਾਲੀ ਸਰਕਾਰਾਂ ਅਸਥਿਰ ਤੇ ਹਰਿਆਣਾ–ਹਿਮਾਚਲ ਪ੍ਰਦੇਸ਼ ਨੂੰ ਸਥਿਰ ਕਰ ਦਿਤਾ। ਗੁਲਜ਼ਾਰੀ ਲਾਲ ਨੰਦਾ ਉਸ ਵੇਲੇ ਕੇਂਦਰੀ ਗ੍ਰਹਿ ਮੰਤਰੀ ਸੀ। ਪੰਜਾਬ ਦੇ ਗ਼ੈਰ ਸਿੱਖਾਂ ਨੂੰ ਵੀ ਪੰਜਾਬੀ ਦੀ ਥਾਂ ਹਿੰਦੀ ਲਿਖਵਾ ਦਿਤੀ। ਕੇਂਦਰ ਦੀ ਪੰਜਾਬ ਵਿਰੋਧੀ ਨੀਤੀਆਂ ਕਾਰਨ ਇਹ ਸੱਭ ਕੁੱਝ ਸਿਆਸੀ ਆਧਾਰਤ ਕੀਤਾ ਗਿਆ ਤਾਂ ਜੋ ਪੰਜਾਬ ਨੂੰ ਆਰਥਕ, ਸਮਾਜਕ ਤੇ ਸਿਆਸੀ ਪੱਖੋਂ ਕਮਜ਼ੋਰ ਕੀਤਾ ਜਾਵੇ ਜਿਸ ਦੇ ਕਿਸਾਨ ਨੇ ਭਾਰਤ ਨੂੰ ਅਨਾਜ ਵਿਚ ਆਤਮ –ਨਿਰਭਰ ਕੀਤਾ ਸੀ। ਅੱਜ ਮਨਾਇਆ ਜਾ ਰਿਹਾ ਪੰਜਾਬ ਦਿਵਸ ਦੁੱਖਾਂ ਭਰਿਆ ਹੈ ਜਿਸ ਦਾ ਕਿਸਾਨ ਮਜ਼ਦੂਰ ਕਰਜ਼ਾਈ ਹੋਣ ਤੇ ਖ਼ੁਦਕੁਸ਼ੀਆਂ ਕਰ ਰਿਹਾ ਹੈ।
ਦਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬੀ ਸੂਬਾ ਜ਼ੁਬਾਨ ਤੇ ਬਣਾਉਣ ਲਈ ਮੋਰਚਾ ਲਾਇਆ ਸੀ ਤੇ ਮਾਸਟਰ ਤਾਰਾ ਸਿੰਘ ਨੇ ਇਹ ਮੰਗ 1954-55 ਵਿਚ ਕੀਤੀ ਸੀ ਕਿ ਜਦੋਂ ਦਖਣੀ ਭਾਰਤ ਦੇ ਡਾ. ਰਮਾਲੂ ਦੀ ਮੌਤ ਹੋ ਜਾਣ ਬਾਅਦ ਆਂਧਰਾ ਪ੍ਰਦੇਸ਼ ਬੋਲੀ ਦੇ ਆਧਾਰ 'ਤੇ ਬਣਿਆ ਸੀ। ਕੇਂਦਰ ਵਲੋਂ ਨਾ ਨੁਕਰ ਕਰਨ ਤੇ 1960 ਵਿਚ ਪੰਜਾਬੀ ਸੂਬਾ ਬਣਾਉਣ ਲਈ ਅਕਾਲੀਆਂ ਨੇ ਮੋਰਚਾ ਲਾਇਆ ਸੀ। ਪੰਜਾਬ ਦਾ ਕਿਸਾਨ ਰੇਲ ਪੱਟੜੀਆਂ 'ਤੇ ਧਰਨੇ ਦੇ ਰਿਹਾ ਹੈ ਉਸ ਵਿਰੁਧ ਤਿੰਨ ਕਾਲੇ ਕਾਨੂੰਨ ਬਣਾਏ ਹਨ । ਚਰਚਾ ਮੁਤਾਬਕ ਪੈਰ-ਪੈਰ ਤੇ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਨੂੰ ਕਿਸਾਨ ਮਜ਼ਦੂਰ ਦੁਖੀ ਹੈ।