
ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ
26 ਨਵੰਬਰ ਤਕ ਖੇਤੀ ਕਾਨੂੰਨ ਰੱਦ ਕਰੋ ਨਹੀਂ ਤਾਂ ਚਾਰੇ ਪਾਸਿਉਂ ਘੇਰਾਂਗੇ ਦਿੱਲੀ
ਗਾਜ਼ੀਆਬਾਦ, 1 ਨਵੰਬਰ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ 26 ਨਵੰਬਰ ਤਕ ਦਾ ਸਮਾਂ ਹੈ ਅਤੇ ਇਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ 'ਤੇ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕਰ ਦਿਤਾ ਜਾਵੇਗਾ | ਅਪਣੇ ਟਵੀਟ 'ਚ ਉਨ੍ਹਾਂ ਕਿਹਾ ਕਿ,''ਕੇਂਦਰ ਸਰਕਾਰ ਕੋਲ 26 ਨਵੰਬਰ ਤਕ ਦਾ ਸਮਾਂ ਹੈ, ਉਸ ਤੋਂ ਬਾਅਦ 27 ਨਵੰਬਰ ਤੋਂ ਕਿਸਾਨ ਪਿੰਡਾਂ ਤੋਂ ਟਰੈਕਟਰਾਂ ਰਾਹੀਂ ਦਿੱਲੀ ਨੂੰ ਚਾਰੋਂ ਪਾਸਿਉਂ ਘੇਰ ਕੇ ਅੰਦੋਲਨ ਵਾਲੀ ਥਾਂ 'ਤੇ ਪਹੁੰਚਣਗੇ ਅਤੇ ਪੱਕੀ ਕਿਲ੍ਹੇਬੰਦੀ ਨਾਲ ਅੰਦੋਲਨ ਅਤੇ ਅੰਦਲੋਨ ਸਥਾਨ 'ਤੇ ਤੰਬੂਆਂ ਨੂੰ ਮਜ਼ਬੂਤ ਕਰੇਗਾ |''
ਦੱਸ ਦੇਈਏ ਕਿ ਰਾਕੇਸ਼ ਟਿਕੈਤ ਨੇ ਇਸ ਤੋਂ ਪਹਿਲਾਂ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਕਿਸਾਨਾਂ ਨੂੰ ਜੇਕਰ ਬਾਰਡਰਾਂ ਤੋਂ ਜਬਰੀ ਹਟਾਉਣ ਦੀ ਕੋਸ਼ਿਸ਼ ਹੋਈ ਤਾਂ ਉਹ ਦੇਸ਼ ਭਰ ਵਿਚ ਸਰਕਾਰੀ ਦਫ਼ਤਰਾਂ ਨੂੰ ਦਾਣਾਂ ਮੰਡੀ ਬਣਾ ਦੇਣਗੇ | ਦਿੱਲੀ ਦੇ ਗਾਜ਼ੀਪੁਰ ਅਤੇ ਟਿਕਰੀ ਬਾਰਡਰ ਤੋਂ ਬੈਰੀਕੇਡਜ਼ ਹਟਾਏ ਜਾਣ ਅਤੇ ਰਾਹ ਪੂਰੀ ਤਰ੍ਹਾਂ ਖੋਲ੍ਹੇ ਜਾਣ 'ਤੇ ਕਿਸਾਨ ਆਗੂਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਵਿਵਾਦ ਤੋਂ ਬਾਅਦ ਟਿਕੈਤ ਨੇ ਇਹ ਚਿਤਾਵਨੀ ਦਿਤੀ ਹੈ | ਇਸ ਤੋਂ ਪਹਿਲਾਂ ਰਾਕੇਸ਼ ਨੇ ਕਿਹਾ ਸੀ ਕਿ ਸਰਕਾਰ ਜ਼ਿੱਦ ਛੱਡ ਦੇਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ |
ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁਧ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ | ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ | ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁਕੀ ਹੈ ਪਰ ਉਸ ਦਾ ਕੋਈ ਨਤੀਜਾ ਸਿਫ਼ਰ ਰਿਹਾ ਹੈ | ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਪਰ ਹਲ ਅਜੇ ਤਕ ਨਹੀਂ ਨਿਕਲ ਸਕਿਆ | ਸਰਕਾਰ ਦਾ ਕਹਿਣਾ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ, ਜਦੋਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਇਹ ਖੇਤੀ ਕਾਨੂੰਨ ਉਨ੍ਹਾਂ ਨੂੰ ਉਦਯੋਗਪਤੀਆਂ ਅਧੀਨ ਕਰ ਦੇਣਗੇ | (ਪੀਟੀਆਈ)