
ਦੋਸ਼ੀਆਂ ਨੂੰ ਲੜਕੀ ਨੂੰ ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ
ਗੁਰੂਗ੍ਰਾਮ - ਇੱਥੇ ਸ਼ਨੀਵਾਰ ਨੂੰ ਇੱਕ 14 ਸਾਲਾ ਲੜਕੀ ਨੂੰ ਇੱਕ ਹੋਟਲ ਵਿੱਚ ਲਿਜਾ ਕੇ ਪੰਜ ਨੌਜਵਾਨਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ, ਜਿਨ੍ਹਾਂ ਵਿੱਚੋਂ ਦੋ ਉਸ ਲੜਕੀ ਦੇ ਦੋਸਤ ਸਨ। ਪੁਲਿਸ ਨੇ ਦੱਸਿਆ ਕਿ ਦੋ ਮੁਲਜ਼ਮ, ਜਿਹੜੇ ਕਿ ਨਾਬਾਲਿਗ ਸਨ, ਉਹ ਸੋਮਵਾਰ ਨੂੰ ਫ਼ੜੇ ਜਾ ਚੁੱਕੇ ਹਨ, ਬਾਕੀ ਤਿੰਨ ਦੀ ਗ੍ਰਿਫ਼ਤਾਰੀ ਮੰਗਲਵਾਰ ਨੂੰ ਹੋਈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 14 ਸਾਲਾ ਲੜਕੀ ਦੀ ਮਾਂ ਵੱਲੋਂ ਸ਼ਿਕਾਇਤ ਮਿਲੀ ਸੀ, ਕਿ ਉਸ ਦੀ ਧੀ ਸ਼ਨੀਵਾਰ ਰਾਤ ਨੂੰ ਸੈਰ ਕਰਨ ਗਈ ਸੀ ਪਰ ਦੇਰ ਰਾਤ ਤੱਕ ਘਰ ਨਹੀਂ ਪਰਤੀ। ਅਗਲੇ ਦਿਨ, ਉਹ ਉਸੇ ਇਲਾਕੇ ਦੇ ਇੱਕ ਪਾਰਕ ਵਿੱਚ ਮਿਲੀ।
ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਅਤੇ ਘਬਰਾਈ ਹੋਈ ਸੀ। ਜਦੋਂ ਉਸ ਨੇ ਪੁੱਛਿਆ ਕਿ ਕੀ ਹੋਇਆ ਹੈ, ਤਾਂ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਦੋ ਲੜਕੇ ਜੋ ਉਸਦੇ ਦੋਸਤ ਸਨ, ਉਸ ਨੂੰ ਸੈਕਟਰ 9 ਏ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ। ਉੱਥੇ, ਉਨ੍ਹਾਂ ਨਾਲ ਤਿੰਨ ਹੋਰ ਲੋਕ ਸ਼ਾਮਲ ਹੋ ਗਏ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਬਲਾਤਕਾਰੀਆਂ ਨੇ ਲੜਕੀ ਨੀ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਦੋਵਾਂ ਦੋਸਤਾਂ ਨੇ ਕਥਿਤ ਤੌਰ 'ਤੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਇਲਾਕੇ 'ਚ ਸੈਰ ਕਰਵਾਉਣ ਲਈ ਲੈ ਕੇ ਜਾ ਰਹੇ ਹਨ। ਲੜਕੀ ਦੀ ਮਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਨਾਬਾਲਿਗ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਗਈ ਅਤੇ ਪੁਲਿਸ ਨੇ ਕਿਹਾ ਕਿ ਉਸ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ।
ਪੁਲਿਸ ਮੁਤਾਬਿਕ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨ ਦੋਸ਼ੀ ਪ੍ਰਵੀਨ ਕੁਮਾਰ, ਅੰਸ਼ੁਲ ਯਾਦਵ ਅਤੇ ਸੁਹੇਲ ਦੀ ਉਮਰ 20-22 ਸਾਲ ਦੇ ਵਿਚਕਾਰ ਹੈ ਅਤੇ ਸਾਰੇ ਬਸਾਈ ਇਨਕਲੇਵ ਦੇ ਰਹਿਣ ਵਾਲੇ ਹਨ। ਬਾਕੀ ਦੋ ਲੜਕੇ ਨਾਬਾਲਗ ਹਨ ਜਿਨ੍ਹਾਂ ਨੂੰ ਫ਼ੜ ਕੇ ਫ਼ਰੀਦਾਬਾਦ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਸੈਕਟਰ 9 ਥਾਣੇ ਵਿੱਚ ਆਈਪੀਸੀ ਦੀ ਧਾਰਾ 376 ਡੀ (ਗੈਂਗ ਰੇਪ) ਅਤੇ 506 (ਅਪਰਾਧਿਕ ਧਮਕੀ) ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ, ਅਤੇ ਮਾਮਲੇ ਦੀ ਅਗਲੀ ਕਾਰਵਾਈ ਅਮਲ ਹੇਠ ਲਿਆਂਦੀ ਜਾ ਰਹੀ ਹੈ।