
ਇਸ ਦੇ ਲਈ ਜਿੱਥੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਉੱਥੇ ਮੋਬਾਈਲ ਵੀ ਉਪਲਬਧ ਕਰਵਾਏ ਜਾਣਗੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਣ ਪ੍ਰਾਇਮਰੀ ਹੈਲਥ ਸੈਂਟਰਾਂ, ਸਬ-ਸੈਂਟਰਾਂ ਅਤੇ ਜ਼ਿਲ੍ਹਾ ਹਸਪਤਾਲਾਂ ਦੀਆਂ ਸਿਹਤ ਸਕੀਮਾਂ ਦਾ ਲਾਭ ਸ਼ਹਿਰ ਅਤੇ ਪਿੰਡਾਂ ਦੇ ਹਰ ਖੇਤਰ ਵਿਚ ਪਹੁੰਚਾਉਣ ਲਈ ਆਸ਼ਾ ਵਰਕਰਾਂ ਦੀਆਂ ਐਮਰਜੈਂਸੀ ਸੇਵਾਵਾਂ ਲੈਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਜਿੱਥੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਉੱਥੇ ਮੋਬਾਈਲ ਵੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਉਹ ਆਪਣੀ ਸਿਖਲਾਈ ਦੇ ਅਨੁਸਾਰ ਸੀਨੀਅਰ ਡਾਕਟਰ ਨਾਲ ਗੱਲ ਕਰ ਸਕਣ ਅਤੇ ਐਮਰਜੈਂਸੀ ਵਿਚ ਪੀੜਤ ਨੂੰ ਸਿਹਤ ਲਾਭ ਦੇ ਸਕਣ।
ਸੂਬੇ ਦੀਆਂ 21,000 ਆਸ਼ਾ ਵਰਕਰਾਂ, 4,900 ਏਐਨਐਮ, 1000 ਡੀਪੀਐਮਯੂ ਸਟਾਫ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ। ਸਿਹਤ ਵਿਭਾਗ (ਰਾਸ਼ਟਰੀ ਸਿਹਤ ਮਿਸ਼ਨ ਅਧੀਨ) ਨੇ ਟੈਂਡਰ ਨੋਟਿਸ ਵੀ ਜਾਰੀ ਕੀਤੇ ਹਨ। 15 ਨਵੰਬਰ ਤੱਕ ਟੈਂਡਰ ਮੰਗੇ ਗਏ ਹਨ। ਸਿਹਤ ਵਿਭਾਗ ਕੁੱਲ 26,900 ਸਮਾਰਟ ਮੋਬਾਈਲ ਖਰੀਦੇਗਾ। ਇਸ 'ਤੇ ਕਰੀਬ 10 ਲੱਖ ਰੁਪਏ ਖਰਚ ਕੀਤੇ ਜਾਣਗੇ। 250 ਡੋਂਗਲ (4ਜੀ ਅਤੇ 5ਜੀ) ਦੀ ਵੀ ਖਰੀਦਦਾਰੀ ਹੋਵੇਗੀ। ਇਸ 'ਤੇ 50 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਦੋਵਾਂ ਲਈ ਕੁੱਲ 10 ਲੱਖ 50 ਹਜ਼ਾਰ ਰੁਪਏ ਦਾ ਬਜਟ ਰੱਖਿਆ ਗਿਆ ਹੈ। ਖਰੀਦ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸੂਬੇ ਦੀਆਂ ਆਸ਼ਾ ਵਰਕਰਾਂ, ਏਐਨਐਮ ਅਤੇ ਡੀਪੀਐਮਯੂ ਸਟਾਫ ਨੂੰ ਇਹ ਸਹੂਲਤ ਦਿੱਤੀ ਜਾਵੇਗੀ।
ਆਸ਼ਾ ਵਰਕਰਾਂ ਕੋਲ ਗਰਭਵਤੀ ਔਰਤਾਂ ਦੀ ਦੇਖਭਾਲ ਦਾ ਵਧੇਰੇ ਕੰਮ ਹੁੰਦਾ ਹੈ, ਇਸ ਲਈ ਹੁਣ ਉਹਨਾਂ ਨੂੰ ਐਮਰਜੈਂਸੀ ਵਿਚ ਡਿਲੀਵਰੀ ਕਿਵੇਂ ਕਰਨੀ ਹੈ ਅਤੇ ਮਾਂ ਬੱਚੇ ਦੀ ਦੇਖਭਾਲ ਕਿਵੇਂ ਕਰਨੀ ਹੈ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਮਾਰਟ ਫੋਨ ਰਾਹੀਂ ਲੋੜ ਪੈਣ 'ਤੇ ਸੀਨੀਅਰ ਡਾਕਟਰ ਦੀ ਮਦਦ ਨਾਲ ਸੇਵਾ ਕਿਵੇਂ ਪ੍ਰਦਾਨ ਕਰਨੀ ਹੈ, ਇਸ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ। ਸਮਾਰਟ ਫੋਨ ਰਾਹੀਂ ਵੱਧ ਤੋਂ ਵੱਧ ਲੋਕਾਂ ਅਤੇ ਔਰਤਾਂ ਦਾ ਰਿਕਾਰਡ ਕਿਵੇਂ ਇਕੱਠਾ ਕਰਨਾ ਹੈ ਅਤੇ ਵਿਭਾਗ ਨਾਲ ਕਿਵੇਂ ਸਾਂਝਾ ਕਰਨਾ ਹੈ, ਇਸ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਇਸ ਸਬੰਧੀ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਸਮੇਂ ਅਨੁਸਾਰ ਆਸ਼ਾ ਵਰਕਰਾਂ ਨੂੰ ਨੈੱਟਵਰਕ ਨਾਲ ਜੋੜਨ ਲਈ ਮੋਬਾਈਲ ਸਹੂਲਤਾਂ ਦੀ ਲੋੜ ਸੀ। ਇਸ ਦੇ ਲਈ ਜਿੱਥੇ ਉਹਨਾਂ ਨੂੰ ਮੋਬਾਈਲ ਦਿੱਤੇ ਜਾਣਗੇ, ਉਥੇ ਐਮਰਜੈਂਸੀ ਸੇਵਾਵਾਂ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ।