
ਪੀ.ਸੀ.ਐੱਸ. ਅਧਿਕਾਰੀ ਨੇ ਉੱਚ-ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਹਨਾਂ ਦਾ ਇਸ ਪਲਾਟ ਘੁਟਾਲਾ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ
ਚੰਡੀਗੜ੍ਹ - ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਦਰਜ ਬਠਿੰਡਾ ਦੇ ਸਰਕਾਰੀ ਪਲਾਟ ਮਾਮਲੇ ਵਿਚ ਨਾਮਜ਼ਦ ਅਤੇ ਗ੍ਰਿਫ਼ਤਾਰ ਪੀ.ਸੀ.ਐੱਸ. ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਿਕਰਮਜੀਤ ਸ਼ੇਰਗਿੱਲ ਨੂੰ ਇਸ ਮਾਮਲੇ ਵਿਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਪੀ.ਸੀ.ਐੱਸ. ਅਧਿਕਾਰੀ ਨੇ ਉੱਚ-ਅਦਾਲਤ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਹਨਾਂ ਦਾ ਇਸ ਪਲਾਟ ਘੁਟਾਲਾ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹਨਾਂ ਦਾ ਇਸ ਮਾਮਲੇ ਵਿਚ ਕੋਈ ਅਧਿਕਾਰ ਖ਼ੇਤਰ ਹੀ ਨਹੀਂ ਸੀ ਅਤੇ ਉਨ੍ਹਾਂ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ। ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਹਿੰਦਿਆਂ ਕਮਰਸ਼ੀਅਲ ਪਲਾਟ ਨੂੰ ਰਿਹਾਇਸ਼ ਵਿਚ ਤਬਦੀਲ ਕਰ ਕੇ ਸਸਤੇ ਭਾਅ ਖ਼ਰੀਦਿਆ ਸੀ ਜਿਸ ਦੇ ਚੱਲਦਿਆਂ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਅਤੇ ਹੋਰਨਾਂ ’ਤੇ ਸਰਕਾਰ ਨੂੰ 65 ਲੱਖ ਰੁਪਏ ਦਾ ਚੂਨਾ ਲਾਉਣ ਸੰਬੰਧੀ ਮਾਮਲਾ ਦਰਜ ਕੀਤਾ ਹੋਇਆ ਹੈ।
ਮਨਪ੍ਰੀਤ ਬਾਦਲ ਕਾਫ਼ੀ ਸਮਾਂ ਰੂਪੋਸ਼ ਰਹਿਣ ਮਗਰੋਂ ਬੀਤੇ ਦਿਨੀਂ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਮਨਪ੍ਰੀਤ ਸਿੰਘ ਬਾਦਲ ਦੀ ਵਿਜੀਲੈਂਸ ਨੇ ਗ੍ਰਿਫ਼ਤਾਰੀ ਪਾ ਕੇ ਉਨ੍ਹਾਂ ਨੂੰ ਮੌਕੇ ’ਤੇ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਰੀੜ੍ਹ ਦੀ ਹੱਡੀ ਵਿਚ ਦਰਦ ਦਾ ਹਵਾਲਾ ਦੇ ਕੇ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਨ ਤੇ ਇਸ ਤੋਂ ਬਾਅਦ ਜੇ ਉਹ ਪੇਸ਼ ਹੋਏ ਵੀ ਤਾਂ ਪਿੱਠ 'ਤੇ ਬੈਲਟ ਲਗਾ ਕੇ ਪਹੁੰਚੇ।