‘ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ’
ਚੰਡੀਗੜ੍ਹ: ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਇਸ 'ਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖ਼ਤਮ ਕਰਨ ਦੇ ਭਾਜਪਾ ਦੇ ਫ਼ੈਸਲੇ ਦੀ ਅਸੀਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਅਤੇ ਇਸ ਨੂੰ ਸੰਭਾਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਿਆ, ਅਸੀਂ ਉੱਥੇ ਵੀ ਜਾਵਾਂਗੇ। ਕਾਨੂੰਨੀ ਮਾਹਰਾ ਤੋਂ ਅਸੀਂ ਸਲਾਹ ਲੈ ਰਹੇ ਹਾਂ ਅਤੇ ਇਹ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਫ਼ੈਸਲਾ ਪੂਰੀ ਤਰ੍ਹਾਂ ਗੈਰ ਸੰਵਿਧਾਨਿਕ ਹੈ। ਜਿਹੜਾ ਐਕਟ ਵਿਧਾਨ ਸਭਾ ’ਚ ਬਣਿਆ ਹੋਵੇ, ਉਸ ਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਰਾਹੀਂ ਹੱਦ ਨਹੀਂ ਕਰ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਿਵਸ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ। ਇਨ੍ਹਾਂ ਨੇ ਆਪਣੇ ਦਿਲ 'ਚ ਪੰਜਾਬ ਪ੍ਰਤੀ ਨਫ਼ਰਤ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡਾਂਗੇ।
