ਪੈਰੋਲ 'ਤੇ ਆ ਕੇ ਬਣਾਇਆ ਸੀ ਮੌਤ ਦਾ ਫਰਜ਼ੀ ਸਰਟੀਫਿਕੇਟ
ਜਲੰਧਰ : ਜਲੰਧਰ ਪੁਲਿਸ ਨੇ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਜੇਲ੍ਹ ’ਚੋਂ ਪੈਰੈਲ ’ਤੇ ਆ ਕੇ ਖੁਦ ਨੂੰ ਮਰਿਆ ਹੋਇਆ ਐਲਾਨ ਦਿੱਤਾ ਸੀ। ਚਾਰ ਸਾਲ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਉਹ ਦਿੰਦਾ ਹੈ ਅਤੇ ਆਪਣੀ ਭੂਆ ਦੇ ਘਰ ਸੂਰਾਨੁੱਸੀ ’ਚ ਰਹਿ ਰਿਹਾ ਹੈ। ਰੇਲਵੇ ਕਾਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਨਾਮ ਦੇ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰਿਕਾਰਡ ’ਚ ਮਰਿਆ ਦਰਜ ਕੀਤਾ ਹੋਇਆ ਸੀ, ਦਰਅਸਲ ਉਹ ਦਿੰਦਾ ਸੀ। ਉਸ ਨੇ ਮੌਤ ਦਾ ਸਰਟੀਫਿਕੇਟ ਬਣਵਾ ਕੇ ਆਪਣੀ ਪਛਾਣ ਬਦਲ ਲਈ ਅਤੇ ਨਵੇਂ ਨਾਂ ਨਾਲ ਜ਼ਿੰਦਗੀ ਬਿਤਾ ਰਿਹਾ ਸੀ ਪਰ ਉਸ ਦੀ ਇਹ ਚਲਾਕੀ ਜ਼ਿਆਦਾ ਦਿਨ ਨਹੀਂ ਚੱਲ ਸਕੀ ਕਿਉਂਕਿ ਪੁਲਿਸ ਦੀ ਸਰਗਰਮੀ ਤੇ ਗੁਪਤ ਸੂਚਨਾ ਨੇ ਉਸ ਦੀ ਮੌਤ ਦਾ ਸੱਚ ਖੋਲ੍ਹ ਦਿੱਤਾ। ਫੜਿਆ ਗਿਆ ਮੁਲਜ਼ਮ ਹਿਮਾਂਸੂ ਸਾਲ 2018 ’ਚ ਦਰਜ ਜਬਰ ਜਨਾਹ ਤੇ ਪੋਕਸੋ ਐਕਟ ਦੇ ਗੰਭੀਰ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।
8 ਅਕਤੂਬਰ 2021 ਨੂੰ ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਪਰ ਵਾਪਸ ਜੇਲੁ ਆਉਣ ਦੀ ਬਜਾਏ ਉਸ ਨੇ ਖ਼ੁਦ ਨੂੰ ਮਰਿਆ ਦਿਖਾਉਣ ਦੀ ਖੇਡ ਰਚੀ। ਉਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਫਰਜ਼ੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ ਅਤੇ ਜੇਲ੍ਹ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤਾ। ਰਿਕਾਰਡ ’ਚ ਹਿਮਾਂਸ਼ੂ ਮਰਿਆ ਦਰਜ ਹੋ ਗਿਆ ਅਤੇ ਉਸ ਦਾ ਨਾਂ ਲਿਸਟ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਹਿਮਾਂਸੂ ਨੇ ਨਵੀਂ ਪਛਾਣ ਅਪਣਾਈ ਤੇ ਆਪਣੀ ਭੂਆ ਕੋਲ ਸੂਰਾਨੁੱਸੀ ਇਲਾਕੇ ’ਚ ਜਾ ਕੇ ਰਹਿਣ ਲੱਗ ਪਿਆ। ਉਸ ਨੇ ਆਪਣੀ ਦਾੜ੍ਹੀ ਵਧਾ ਲਈ ਤੇ ਰਹਿਣ-ਸਹਿਣ ਬਦਲ ਲਿਆ। ਨੇੜਲੇ ਲੋਕ ਉਸ ਨੂੰ ਨਵੇਂ ਨਾਂ ਨਾਲ ਜਾਣਦੇ ਸਨ, ਕਿਸੇ ਨੂੰ ਅਹਿਸਾਸ ਨਹੀਂ ਸੀ ਕਿ ਇਹ ਉਹੀ ਸ਼ਖ਼ਸ ਹੈ, ਜਿਹੜਾ ਕਾਨੂੰਨ ਦੀ ਨਜ਼ਰ ’ਚ ਮਰਿਆ ਹੋਇਆ ਦਰਜ ਹੈ ਪਰ ਕੁਝ ਦਿਨ ਪਹਿਲਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਿਸ ਵਿਅਕਤੀ ਨੂੰ ਰਿਕਾਰਡ ’ਚ ਮਰਿਆ ਦਰਜ ਕੀਤਾ ਗਿਆ ਸੀ, ਉਹ ਜ਼ਿੰਦਾ ਹੈ ਤੇ ਨਵੇਂ ਨਾਂ ਨਾਲ ਰਹਿ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਟੀਮ ਨੇ ਜਦੋਂ ਇਸ ਦੀ ਭੂਆ ਦੇ ਘਰ ਸੂਰਾਨੁੱਸੀ ’ਚ ਛਾਪਾ ਮਾਰਿਆ ਤਾਂ ਉਹ ਕਾਬੂ ਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਪੁੱਛਗਿੱਛ ਦੌਰਾਨ ਦੋਸ਼ ਕਬੂਲ ਕਰ ਲਿਆ।
ਹਿਮਾਂਸ਼ੂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਵਿਆਹ ਨਹੀਂ ਹੋਇਆ। ਉਸ ਦੀ ਭੈਣ ਨੇ ਹੀ ਇਹ ਮੌਤ ਦਾ ਸਰਟੀਫਿਕੇਟ ਜੇਲ੍ਹ ’ਚ ਜਮ੍ਹਾਂ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਨੂੰ ਤਿੰਨ ਦੇ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ ਅਤੇ ਜੇਲ੍ਹ ਤੋਂ ਸਾਰਾ ਰਿਕਾਰਡ ਮੰਗਵਾਇਆ ਜਾ ਰਿਹਾ ਹੈ। ਸਰਟੀਫਿਕੇਟ ਜਮ੍ਹਾਂ ਕਰਵਾਉਣ ਵਾਲੇ ਨੂੰ ਵੀ ਕੇਸ ’ਚ ਨਾਮਜ਼ਦ ਕੀਤਾ ਜਾਵੇਗਾ।
ਪੁਲਿਸ ਨੂੰ ਜਦੋਂ ਹਿਮਾਂਸ਼ੂ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲੀ ਤਾਂ ਭੂਆ ਦੇ ਘਰ ਛਾਪਾ ਮਾਰਿਆ। ਉਥੇ ਉਹ ਰਾਕੇਸ਼ ਨਾਮ ਨਾਲ ਰਹਿ ਰਿਹਾ ਸੀ। ਪੁਲਿਸ ਨੇ ਰਾਕੇਸ਼ ਨੂੰ ਕਾਬੂ ਕੀਤਾ ਤੇ ਗ੍ਰਿਫ਼ਤਾਰੀ ਵੱਲੋਂ ਲਏ ਫਿੰਗਰਪ੍ਰਿੰਟਾਂ ਨੂੰ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਰਾਕੇਸ਼ ਹੀ ਹਿਮਾਂਸ਼ੂ ਨਿਕਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਨੰਬਰ 1 ’ਚ ਕੇਸ ਦਰਜ ਕਰ ਦਿੱਤਾ ਗਿਆ ਹੈ।
