
ਕਿਸਾਨਾਂ ਦੇ ਹੱਕ 'ਚ 'ਆਪ' ਆਗੂਆਂ ਨੇ ਦਿਤੀਆਂ ਗ੍ਰਿਫ਼ਤਾਰੀਆਂ
ਨਵੀਂ ਦਿੱਲੀ, 1 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਡੱਟੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਅਤੇ ਯੂਥ ਵਿੰਗ ਵਲੋਂ ਦਿੱਲੀ ਦੇ ਕੈਨਾਟ ਪੈਲੇਸ ਆਵਾਜ਼ ਬੁਲੰਦ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਅਤੇ ਯੂਥ ਵਿੰਗ ਦੇ ਆਗੂਆਂ ਮਨੁੱਖੀ ਚੈਨ ਬਣਾ ਕੇ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਗਟ ਕਰਨ ਲਈ ਕਨਾਟ ਪੈਲੇਸ 'ਚ ਇਕੱਠੇ ਹੋਏ। ਇਸ ਮੌਕੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਯੂਥ ਆਗੂ ਰਮੇਸ਼ ਮੁਟਿਆਲਾ, ਵਿਦਿਆਰਥੀ ਆਗੂ ਰੋਹਿਤ ਨੇ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ। ਕਿਸਾਨ ਅੰਦੋਲਨ ਦੇ ਸਮਰਥਨ ਵਿਚ ਜਦੋਂ ਮਨੁੱਖੀ ਚੈਨ ਬਣਾਉਣ ਦੀ ਸਰਗਰਮੀ ਚਲ ਰਹੀ ਸੀ ਤਾਂ ਪੁਲਿਸ ਨੇ ਭਿੰਨਕ ਲੱਗਦਿਆਂ ਹੀ ਆਗੂਆਂ ਸਮੇਤ ਦਰਜਨਾਂ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦਿੱਲੀ ਪੁਲਿਸ ਨੇ ਆਗੂਆਂ ਅਤੇ ਵਰਕਰਾਂ ਨੂੰ ਘੰਟਿਆਂਬੱਧੀ ਦਿੱਲੀ ਦੀਆਂ ਸੜਕਾਂ ਉਤੇ ਘੁੰਮਾਉਣ ਤੋਂ ਬਾਅਦ ਬੁਰਾੜੀ ਦੇ ਮੈਦਾਨ ਵਿਚ ਲਿਆ ਕੇ ਰਿਹਾਅ ਕਰ ਦਿਤਾ।