
ਕਿਸਾਨ ਨੌਜਵਾਨ ਕਿਸਾਨੀ ਸੰਘਰਸ਼ ਲਈ ਅਪਣਾ ਸੱਭ ਕੁੱਝ ਵਾਰਨ ਲਈ ਤਿਆਰ
ਚੰਡੀਗੜ੍ਹ, 1 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਵਿਰੁਧ ਕਿਸਾਨ ਦਿੱਲੀ ਬਾਰਡਰ ਉਤੇ ਲਗਾਤਾਰ ਡਟੇ ਹੋਏ ਹਨ ਤੇ ਹਰ ਕੋਈ ਕਿਸਾਨਾਂ ਦੀ ਮਦਦ ਕਰਨ ਲਈ ਕੁੱਝ ਨਾ ਕੁੱਝ ਕਰ ਰਿਹਾ ਹੈ। ਦਿੱਲੀ ਵਿਚ ਡਟੇ ਕਿਸਾਨਾਂ ਦੀ ਮਦਦ ਲਈ ਲੋਕ ਵੱਡੇ ਪੱਧਰ ਉਤੇ ਸਾਹਮਣੇ ਆ ਰਹੇ ਹਨ। ਅਜਿਹਾ ਸ਼ੰਘਰਸ਼ ਭਰੇ ਮਾਹੌਲ ਵਿਚ ਇਕ ਕਿਸਾਨ ਨੌਜਵਾਨ ਨੇ ਮੋਰਚੇ ਵਿਚ ਸ਼ਾਮਲ ਟਰੈਕਟਰਾਂ ਵਿਚ ਮੁਫ਼ਤ ਡੀਜ਼ਲ ਪਾਉਣ ਦਾ ਐਲਾਨ ਕੀਤਾ ਹੈ। ਫ਼ਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਅਪਣੇ ਫ਼ੇਸਬੁੱਕ ਅਕਾਊਂਟ ਉਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਦੇ ਵੀ ਟਰੈਕਟਰ ਵਿਚ ਡੀਜ਼ਲ ਖ਼ਤਮ ਹੁੰਦਾ ਹੈ, ਉਹ ਮੈਨੂੰ ਵੀਡੀਉ ਕਾਲ ਕਰ ਕੇ ਟੈਂਕੀ ਫੁੱਲ ਕਰਵਾ ਸਕਦਾ ਹੈ। ਮੇਰਾ ਮੋਬਾਈਲ ਨੰਬਰ 9501300525।
ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਲੋੜਵੰਦ ਕਿਸਾਨ ਵੀਰਾਂ ਦੇ ਫ਼ੋਨ ਆਉਣ ਲੱਗੇ, ਜਿਸ ਤੋਂ ਬਾਅਦ ਉਹ ਹੁਣ ਤਕ 30 ਹਜ਼ਾਰ ਰੁਪਏ ਤੋਂ ਉੱਪਰ ਦਾ ਤੇਲ ਪਵਾ ਚੁੱਕੇ ਹਨ। ਉਨ੍ਹਾਂ ਦਸਿਆ ਕਿ ਲੋੜਵੰਦ ਕਿਸਾਨ ਪਟਰੌਲ ਪੰਪ ਤੋਂ ਉਸ ਨੂੰ ਵੀਡੀਉ ਕਾਲ ਕਰਦੇ ਹਨ। ਇਸ ਤੋਂ ਬਾਅਦ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਹ ਪੇ.ਟੀ.ਐਮ. ਦੁਆਰਾ ਪਟਰੌਲ ਪੰਪ ਨੂੰ ਭੁਗਤਾਨ ਕਰ ਦਿੰਦੇ ਹਨ। ਕੋਈ ਜਾਅਲੀ ਮਾਮਲਾ ਨਾ ਆ ਜਾਵੇ, ਇਸ ਲਈ ਵੀਡੀਉ ਕਾਲ ਦੁਆਰਾ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਉਹ ਤੇਲ ਪਾਉਂਦੇ ਹਨ।
ਪ੍ਰਿਤਪਾਲ ਸਿੰਘ ਨੇ ਦਸਿਆ ਕਿ ਉਹ ਛੋਟੀ ਕਿਸਾਨੀ ਨਾਲ ਸਬੰਧਿਤ ਹੈ। ਟਰੈਕਟਰਾਂ ਵਿਚ ਤੇਲ ਪਾਉਣ ਤੋਂ ਇਵਾਲਾ ਉਸ ਨੇ ਐਲਾਨ ਕੀਤਾ ਹੈ ਕਿ ਜੇ ਲੋੜ ਪਈ ਤਾਂ ਉਹ ਅਪਣਾ ਇਕ ਕਿੱਲਾ ਵੀ ਵੇਚ ਦੇਵੇਗਾ। ਦਸ ਦਈਏ ਕਿ ਪ੍ਰਿਤਪਾਲ ਸਿੰਘ ਵੀ ਇਕ ਆਮ ਘਰਾਂ ਵਿਚੋਂ ਹੈ ਪਰ ਉਹ ਕਿਸਾਨ ਸੰਘਰਸ਼ ਲਈ ਲੋੜ ਪੈਣ ਉਤੇ ਸੱਭ ਕੁੱਝ ਵਾਰਨ ਲਈ ਤਿਆਰ ਹੈ। ਉਹ ਦੋ ਭੈਣਾਂ ਦਾ ਇਕੱਲਾ ਭਰਾ ਹੈ। ਉਨ੍ਹਾਂ ਦੇ ਪਰਵਾਰ ਕੋਲ ਚਾਰ ਕਿਲੇ ਪੈਲੀ ਹੈ। ਉਹ ਖ਼ੁਦ ਲੁਧਿਆਣਾ ਵਿਚ ਜੁਝਾਰ ਟਰਾਂਸਪੋਰਟ ਵਿਚ ਮੈਨੇਜਰ ਦੇ ਤੌਰ ਉੱਤੇ ਕੰਮ ਕਰਦਾ ਹੈ। ਉਸ ਦੀ ਮਹੀਨੇ ਦੀ ਤਨਖ਼ਾਹ 25 ਹਜ਼ਾਰ ਰੁਪਏ ਹੈ।
ਪ੍ਰਿਤਪਾਲ ਸਿੰਘ ਨੇ ਹੁਣ ਤਕ ਲੋੜਵੰਦਾਂ ਕਿਸਾਨਾਂ ਦੇ ਟਰੈਕਟਰਾਂ ਵਿਚ 30 ਹਜ਼ਾਰ ਤੋਂ ਵੱਧ ਦਾ ਤੇਲ ਪਾ ਕੇ ਕੀਤੀ ਮਦਦ
Photo