
ਵੀਰਵਾਰ ਨੂੰ ਕਾਦੀਆਂ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ
ਕਾਦੀਆਂ: ਵੀਰਵਾਰ ਨੂੰ ਕਾਦੀਆਂ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ ਹੈ। ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਕੋਈ ਲਾੜਾ (ਮੁੱਖ ਮੰਤਰੀ ਚਿਹਰਾ) ਨਹੀਂ ਮਿਲ ਰਿਹਾ ਅਤੇ ਬਰਾਤ ਇਕੱਲੀ ਹੀ ਭੱਜੀ ਫਿਰ ਰਹੀ ਹੈ। ਇਸ ਮੌਕੇ ਸਿੱਧੂ ਨੇ ਕੇਜਰੀਵਾਲ ਦੀਆਂ ਗਰੰਟੀਆਂ ਨੂੰ ਵੀ ਝੂਠ ਦੱਸਿਆ।ਨਵਜੋਤ ਸਿੱਧੂ ਨੇ ਕਿਹਾ ਕਿ ਉਹ ਸਾਢੇ ਚਾਰ ਸਾਲ ਤੋਂ ਤਸਕਰਾਂ ਨਾਲ ਲੜ ਰਹੇ। ਉਹਨਾਂ ਨੇ ਰੇਤ ਮਾਫੀਆ ਦਾ ਮੁਕਾਬਲਾ ਕੀਤਾ ਪਰ ਉਦੋਂ ਕੇਜਰੀਵਾਲ ਤਸਕਰਾਂ ਅੱਗੇ ਗੋਡੇ ਟੇਕ ਕੇ ਮਾਫੀ ਮੰਗਦੇ ਰਹੇ ਪਰ ਹੁਣ ਸਾਢੇ 4 ਸਾਲਾਂ ਬਾਅਦ ਉਹਨਾਂ ਨੂੰ ਪੰਜਾਬ ਯਾਦ ਆ ਗਿਆ।
Navjot Singh sidhu
ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਦੇਣ ਦੀ ਗੱਲ ਕਰ ਰਹੇ ਹਨ। ਕੀ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਨੂੰ ਭਿਖਾਰੀ ਸਮਝਿਆ ਹੈ? ਕੇਜਰੀਵਾਲ ਮੈਨੂੰ ਦੱਸਣ ਕਿ ਉਹਨਾਂ ਦੀ ਕੈਬਨਿਟ ਵਿਚ ਕੋਈ ਮਹਿਲਾ ਮੰਤਰੀ ਕਿਉਂ ਨਹੀਂ ਹੈ। ਦਿੱਲੀ ਵਿਚ ਕਿੰਨੀਆਂ ਔਰਤਾਂ ਨੂੰ ਪੈਸੇ ਦਿੱਤੇ ਗਏ? ਜੇਕਰ ਦਿੱਤੇ ਗਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।
Arvind Kejriwal
ਸਿੱਧੂ ਨੇ ਕਿਹਾ ਕਿ ਜਿਹੜਾ ਵਿਅਕਤੀ ਦਿੱਲੀ ਦੀ ਹਵਾ ਨੂੰ ਠੀਕ ਨਹੀਂ ਕਰ ਸਕਿਆ, ਉਹ ਪੰਜਾਬ ਦਾ ਕੀ ਕਰੇਗਾ। ਜਦੋਂ ਸ਼ੀਲਾ ਦੀਕਸ਼ਤ ਦਿੱਲੀ ਵਿਚ ਮੁੱਖ ਮੰਤਰੀ ਸੀ ਤਾਂ 6 ਹਜ਼ਾਰ ਸੀਐਨਜੀ ਬੱਸਾਂ ਚਲਦੀਆਂ ਸਨ। ਹੁਣ ਸਿਰਫ 3 ਹਜ਼ਾਰ ਰਹਿ ਗਈਆਂ ਹਨ। ਮੈਟਰੋ ਦੇ ਸਾਢੇ 3 ਤੋਂ 4 ਫੇਜ਼ ਨਹੀਂ ਹੋਏ। ਕੇਜਰੀਵਾਲ ਨੇ ਹੀ ਦਿੱਲੀ 'ਚ ਆਟੋ ਚਲਵਾਏ, ਜਿਸ ਕਾਰਨ ਉੱਥੇ ਪ੍ਰਦੂਸ਼ਣ ਫੈਲਿਆ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਕਹਿਦੇ ਹਨ ਕਿ ਪੰਜਾਬ ਵਿਚ 26 ਲੱਖ ਨੌਕਰੀਆਂ ਦੇਵਾਂਗੇ।
Navjot Singh Sidhu
ਇਸ ਦੇ ਲਈ 93 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ। ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਲਈ 12 ਹਜ਼ਾਰ ਕਰੋੜ ਰੁਪਏ ਦੀ ਲੋੜ ਹੋਵੇਗੀ। ਬਿਜਲੀ ਮੁਫਤ ਦੇਣ ਲਈ 3600 ਕਰੋੜ ਰੁਪਏ ਦੀ ਲੋੜ ਹੈ। ਇਹ ਸਭ ਮਿਲ ਕੇ 1.10 ਲੱਖ ਕਰੋੜ ਬਣ ਗਿਆ। ਪੰਜਾਬ ਦਾ ਬਜਟ 72 ਹਜ਼ਾਰ ਕਰੋੜ ਹੈ। ਇਸ 'ਚ 70 ਹਜ਼ਾਰ ਕਰੋੜ ਰੁਪਏ ਤਨਖਾਹ ਅਤੇ ਕਰਜ਼ਾ ਭਰਨ ਵਿਚ ਚਲਾ ਜਾਂਦਾ ਹੈ। ਕੇਜਰੀਵਾਲ ਕੋਲ ਇਸ ਸਭ ਲਈ ਪੈਸਾ ਕਿੱਥੋਂ ਆਵੇਗਾ?
Arvind Kejriwal
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਕਾਹਨੂੰਵਾਨ ਦਾਣਾ ਮੰਡੀ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਤਿੱਖੇ ਹਮਲੇ ਬੋਲੇ।