ਬਾਦਲ ਤੋਂ ਪੰਥ ਰਤਨ ਤੇ ਫ਼ਖ਼ਰ-ਇ-ਕੌਮ ਲਿਆ ਵਾਪਸ, ਗਲ ਵਿਚ ਤਖ਼ਤੀਆਂ ਪਾ ਕੇ ਸਜ਼ਾ ਭੁਗਤਣੀ ਹੋਵੇਗੀ
- ਬੀਬੀ ਜਾਗੀਰ ਕੌਰ ਤੇ ਮਜੀਠੀਆ ਨੂੰ ਲਾਈ ਇਸ਼ਨਾਨ-ਘਰ ਸਾਫ਼ ਕਰਨ ਦੀ ਸਜ਼ਾ
- ਸਾਬਕਾ ‘‘ਜਥੇਦਾਰ’’ ਗਿਆਨੀ ਗੁਰਬਚਨ ਸਿੰਘ ਤੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ
- ਸੁਖਬੀਰ ਤੇ ਹੋਰਨਾਂ ਅਕਾਲੀਆਂ ਦੇ ਅਸਤੀਫ਼ੇ ਪ੍ਰਵਾਨ ਕਰਨ ਦੇ ਹੁਕਮ
- ਅਕਾਲੀ ਦਲ ਦੇ ਢਾਂਚੇ ਦੀ ਚੋਣ ਲਈ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਕਮੇਟੀ ਗਠਤ
- ਭੱਦੀ ਸ਼ਬਦਾਵਲੀ ਦੇ ਦੋਸ਼ ਹੇਠ ਹਰਵਿੰਦਰ ਸਿੰਘ ਸਰਨਾ ਤਨਖ਼ਾਹੀਆ ਕਰਾਰ
- 92 ਲੱਖ ਦੀ ਵਸੂਲੀ ਸੁਖਬੀਰ ਤੋਂ ਵਿਆਜ ਸਮੇਤ ਕੀਤੀ ਜਾਵੇਗੀ
ਅੰਮ੍ਰਿਤਸਰ : ਸੁਖਬੀਰ ਸਿੰਘ ਬਾਦਲ ਸਮੇਤ ਹੋਰ ਅਕਾਲੀ ਲੀਡਰਾਂ ਬਾਰੇ ਲੰਮੀ ਉਡੀਕ ਅੱਜ ਖ਼ਤਮ ਕਰਦਿਆਂ ਪੰਜ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਅਪਣਾ ਫ਼ੈਸਲਾ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾ ਦਿਤਾ ਹੈ। ਅਕਾਲ ਤਖ਼ਤ ਸਾਹਿਬ ਦੇ ‘‘ਜਥੇਦਾਰ’’ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਪੰਜ ਬਾਰ ਮੁੱਖ ਮੰਤਰੀ ਰਹੇ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦਿਤਾ ਪੰਥ ਰਤਨ ਅਤੇ ਫ਼ਖ਼ਰ-ਇ-ਕੌਮ ਸਨਮਾਨ ਮਨਸੂਖ਼ ਕਰ ਦਿਤਾ ਗਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਗਲ ਵਿਚ ਤਖ਼ਤੀਆਂ ਪਾ ਕੇ ਦਰਬਾਰ ਸਾਹਿਬ ਸਥਿਤ ਪਖ਼ਾਨੇ ਸਾਫ਼ ਕਰਨ ਦੀ ਧਾਰਮਕ ਤਨਖ਼ਾਹ ਲਗਾਈ ਗਈ ਹੈ।
ਸਿਆਸੀ ਨੇਤਾਵਾਂ ਤੋਂ ਇਲਾਵਾ ਪੰਥ ਵਿਚੋਂ ਛੇਕੇ ਸੌਦਾ-ਸਾਧ ਨੂੰ ਮਾਫ਼ੀ ਦੇਣ ਦੇ ਦੋਸ਼ ਹੇਠ ਸੱਭ ਸਹੂਲਤਾਂ ਵਾਪਸ ਲੈਣ ਦਾ ਆਦੇਸ਼ ਦਿਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਵਲੋਂ ਦਿਤੇ ਅਸਤੀਫ਼ੇ ਪ੍ਰਵਾਨ ਕਰਨ ਲਈ ਵਰਕਿੰਗ ਕਮੇਟੀ ਨੂੰ ਤਿੰਨ ਦਿਨ ਦਾ ਸਮਾਂ ਦਿਤਾ ਗਿਆ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ‘‘ਜਥੇਦਾਰਾਂ’’ ਬਾਰੇ ਭੱਦੀ ਸ਼ਬਦਾਵਾਲੀ ਵਰਤਣ ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦਿਤਾ ਗਿਆ। ਵਿਰਸਾ ਸਿੰਘ ਵਲਟੋਹਾ ਤੇ ਕੁੱਝ ਫ਼ੈਡਰੇਸ਼ਨ ਦੇ ਆਗੂਆਂ ਵਲੋਂ ਘਟੀਆ ਪੱਧਰ ਦੀ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਸਖ਼ਤ ਤਾੜਨਾ ਕੀਤੀ ਗਈ। ਬਿਕਰਮ ਸਿੰਘ ਮਜੀਠੀਆ, ਬੀਬੀ ਜਾਗੀਰ ਕੌਰ ਨੂੰ ਇਸ਼ਨਾਨ-ਘਰ ਸਾਫ਼ ਕਰਨ ਦੀ ਸਜ਼ਾ ਲਾਈ ਗਈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਵਲੋਂ ਲੱਖਾਂ ਸੰਗਤ ਦੇ ਸਾਹਮਣੇ ਦੋਸ਼ਾਂ ਦਾ ਜਵਾਬ ਹਾਂ ਜਾਂ ਨਾ ਵਿਚ ਪੁੱਛੇ ਜਿਸ ਦੌਰਾਨ ਸੁਖਬੀਰ ਨੇ ਸਾਰੇ ਗੁਨਾਹ ਕਬੂਲ ਕੀਤੇ। ਸੁਖਬੀਰ ਨੇ ਮੰਨਿਆ ਕਿ ਸੌਦਾ ਸਾਧ ਦੀ ਐਫ਼.ਆਈ.ਆਰ. ਵਾਪਸ ਲੈਣ, ਸਰਕਾਰੀ ਕੋਠੀ ਚੰਡੀਗੜ੍ਹ ਵਿਖੇ ਜਥੇਦਾਰ ਸੱਦ ਕੇ ਸੌਦਾ ਸਾਧ ਨੂੰ ਮੁਆਫ਼ੀ ਲਈ ਵੀ ਉਹ ਗੁਨਾਹਗਾਰ ਹੈ, ਸਿੱਖ ਪੰਥ ਤੇ ਸਿੱਖ ਨੌਜਵਾਨਾਂ ’ਤੇ ਗ਼ੈਰ-ਮਨੱੁਖੀ ਤਸ਼ੱਦਦ ਢਾਹੁਣ ਵਾਲੇ ਡੀਜੀਪੀ ਸਮੈਧ ਸੈਣੀ ਅਤੇ ਇਜ਼ਹਾਰ ਆਲਮ ਦੀਆਂ ਤਰੱਕੀਆਂ ਤੇ ਅਹਿਮ ਥਾਂ ਨਿਯੁਕਤੀਆਂ ਅਤੇ ਇਨ੍ਹਾਂ ਦੋਸ਼ੀਆਂ ਦੇ ਪ੍ਰਵਾਰਾਂ ਨੂੰ ਟਿਕਟ ਦਿਵਾਉਣ ਅਤੇ 92 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਤੋਂ ਲਿਵਾਉਣ ਲਈ ਵੀ ਉਹ ਗੁਨਾਹਗਾਰ ਹੈ।
ਪੰਜ ਸਿੰਘ ਸਾਹਿਬਾਨ, ਜਿਨ੍ਹਾਂ ਦੀ ਅਗਵਾਈ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ, ਨੇ ਸਾਬਕਾ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ, 17 ਅਕਾਲੀ ਮੰਤਰੀਆਂ ਅਤੇ 2007 ਤੋਂ 2017 ਤਕ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਨੇਤਾਵਾਂ ਨੂੰ ਵਿਵਾਦ-ਪੂਰਨ ਫ਼ੈਸਲੇ ਲੈਣ ਅਤੇ ਪੰਥ ਵਿਰੋਧੀ ਫ਼ੈਸਲੇ ਲੈਣ ਲਈ ਦੋਸ਼ੀ ਮੰਨਦੇ ਹੋਏ ਧਾਰਮਕ ਸਜ਼ਾ (ਤਨਖ਼ਾਹ) ਸੁਣਾਈ।
ਇਸ ਤੋਂ ਪਹਿਲਾਂ ਸੁਖਬੀਰ ਨੇ ਵਿਰੋਧੀ ਧਿਰ ਦੀ ਸ਼ਿਕਾਇਤ ਵਿਚ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਪਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਮੰਨਣ ਤੋਂ ਸਾਫ਼ ਇਨਕਾਰ ਕਰ ਦਿਤਾ ਤੇ ਉਸ ਨੂੰ ਝਿੜਕਾਂ ਦਾ ਸਾਹਮਣਾ ਵੀ ਕਰਨਾ ਪਿਆ। ‘‘ਜਥੇਦਾਰ’’ ਨੇ ਦਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਪਖ਼ਾਨਿਆਂ ਦੇ ਬਾਹਰ ਬੈਠ ਕੇ, ਗਲੇ ਵਿਚ ਤਖ਼ਤੀ ਅਤੇ ਹੱਥ ਵਿਚ ਬਰਛੀ ਫੜਨੀ ਹੋਵੇਗੀ। ਇਹ ਸਜ਼ਾ ਉਸ ਨੂੰ 2 ਦਿਨਾਂ ਲਈ ਦਿਤੀ ਗਈ ਹੈ। ਇਸ ਤੋਂ ਬਾਅਦ ਉਹ 2 ਦਿਨ ਸ੍ਰੀ ਕੇਸਗੜ੍ਹ ਸਾਹਿਬ, 2 ਦਿਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਦਿਨ ਸ੍ਰੀ ਮੁਕਤਸਰ ਸਾਹਿਬ ਅਤੇ 2 ਦਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾਦਾਰ ਵਾਲੀ ਵਰਦੀ ਪਾ ਕੇ, ਹੱਥਾਂ ਵਿਚ ਬਰਛਾ ਫੜ ਕੇ ਇਕ ਘੰਟਾ ਸੇਵਾ ਨਿਭਾਉਣਗੇ। ਅਪਣੀ ਡਿਊਟੀ ਤੋਂ ਬਾਅਦ ਇਕ ਘੰਟਾ ਲੰਗਰ ਘਰ ਵਿਚ ਜਾ ਕੇ ਸੰਗਤ ਦੇ ਬਰਤਨ ਸਾਫ਼ ਕਰਨਗੇ। ਨਾਲ ਹੀ ਇਕ ਘੰਟਾ ਬੈਠ ਕੇ ਕੀਰਤਨ ਸਰਵਣ ਕਰਨਾ ਹੋਵੇਗਾ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਸਬੰਧੀ ਅਖ਼ਬਾਰਾਂ ਵਿਚ ਛਪਵਾਏ 92 ਲੱਖ ਦੇ ਇਸ਼ਤਿਹਾਰਾਂ ਲਈ ਵਰਤਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਸੂਲਿਆ ਜਾਵੇਗਾ।
2015 ਵਿਚ ਕੈਬਨਿਟ ਮੈਂਬਰ ਰਹੇ ਸਾਰੇ ਆਗੂ ਭਲਕੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤਕ ਹਰਿਮੰਦਰ ਸਾਹਿਬ ਦੇ ਪਾਖ਼ਾਨਿਆਂ ਦੀ ਸਫ਼ਾਈ ਕਰਨਗੇ। ਜਿਸ ਤੋਂ ਬਾਅਦ ਉਹ ਇਸ਼ਨਾਨ ਕਰ ਕੇ ਲੰਗਰ ਘਰ ਵਿਚ ਸੇਵਾ ਕਰਨਗੇ। ਉਪਰੰਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਖ਼ਤੀ ਪਹਿਨਾਈ ਵੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੂੰ ਪਾਖ਼ਾਨੇ ਸਾਫ਼ ਕਰਨ ਦੀ ਸਜ਼ਾ ਤੋਂ ਛੋਟ ਦਿਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਲੱਤ ਦੀ ਹੱਟੀ ਟੁੱਟੀ ਹੋਈ ਹੈ ਅਤੇ ਉਹ ਵੀਲ੍ਹ ਚੇਅਰ ’ਤੇ ਹਨ।
ਅਕਾਲ ਤਖ਼ਤ ਸਾਹਿਬ ਵਿਖੇ ਖੁਲ੍ਹੀ ਅਦਾਲਤ ’ਚ ਦੋਸ਼ੀਆਂ ਨੇ ਗੁਨਾਹ ਮੰਨੇ, ਸਾਬਕਾ ਅਕਾਲੀ ਸਰਕਾਰ ਗੁਨਾਹਗਾਰ ਪਾਈ ਗਈ
ਅਕਾਲ ਤਖ਼ਤ ਸਾਹਿਬ ’ਤੇ ਪੇਸ਼ੀ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਜਥੇਦਾਰ ਸਾਹਿਬ ਨੂੰ ਦਸਿਆ ਕਿ ਉਸ ਦੇ ਘਰ ਸੌਦਾ ਸਾਧ ਦੀ ਕੋਈ ਮੀਟਿੰਗ ਨਹੀਂ ਪਰ ਉਹ ਸਰਕਾਰ ਤੇ ਪਾਰਟੀ ਦਾ ਹਿੱਸਾ ਸਨ, ਇਸ ਲਈ ਉਹ ਵੀ ਬਰਾਬਰ ਦੇ ਗੁਨਾਹਗਾਰ ਹਨ। ਇਹੀ ਗੱਲ ਬਾਕੀ ਸਾਬਕਾ ਅਕਾਲੀ ਵਜ਼ੀਰਾਂ ਨੇ ਕਹੀ। ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਮੰਤਰੀ ਨਹੀਂ ਸਨ ਪਰ ਸਰਕਾਰੀ ਸਹੂਲਤਾਂ ਮਾਣਦੇ ਰਹੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਸਨ ਪਰ ਸੌਦਾ ਸਾਧ ਦਾ ਮਸਲਾ ਕੈਬਨਿਟ ਵਿਚ ਨਹੀਂ ਆਇਆ। ਚੁੱਪ ਰਹਿਣ ਕਾਰਨ ਉਹ ਵੀ ਗੁਨਾਹਗਾਰ ਹਨ। ਬੀਬੀ ਜਾਗੀਰ ਕੌਰ ਨੇ ਵੀ ਸੱਭ ਦੇ ਸਾਹਮਣੇ ਸਥਿਤੀ ਸਪੱਸ਼ਟ ਕੀਤੀ।
ਪ੍ਰੋ. ਚੰਦੂਮਾਜਰਾ ਨੇ ਸਥਿਤੀ ਹਾਸੋ-ਹੀਣੀ ਬਣਾਈ
ਜਥੇਦਾਰ ਸਾਹਿਬ ਨੇ ਜਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪੁਛਿਆ ਕਿ ਉਸ ਨੇ ਸੌਦਾ ਸਾਧ ਦੀ ਮਾਫ਼ੀ ਦੇ ਹੱਕ ਵਿਚ ਬਿਆਨ ਦਿਤਾ ਸੀ ਤਾਂ ਉਹ ਸਾਫ਼ ਮੁਕਰ ਗਿਆ ਅਤੇ ਕਿਹਾ ਕਿ ਇਹ ਬਿਆਨ ਪਾਰਟੀ ਦਫ਼ਤਰ ਤੋਂ ਲੱਗਾ ਸੀ ਤੇ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ ਤਾਂ ਜਥੇਦਾਰ ਨੇ ਅਖ਼ਬਾਰ ਦਾ ਬਿਆਨ ਪੜ੍ਹ ਕੇ ਵੀ ਸੁਣਾਇਆ ਪਰ ਉਹ ਫਿਰ ਵੀ ਨਾ ਮੰਨੇ। ਜਥੇਦਾਰ ਨੇ ਕਿਹਾ ਕਿ ਜੇ ਬਿਆਨ ਉਸ ਦਾ ਨਹੀ ਤਾਂ ਫਿਰ ਉਸ ਦਾ ਖੰਡਨ ਕਿਉਂ ਨਾ ਕੀਤਾ? ਚੰਦੂਮਾਜਰਾ ਦੇ ਬਿਆਨ ’ਤੇ ਜਥੇਦਾਰ ਸੰਤੁਸ਼ਟ ਨਾ ਹੋਏ ਪਰ ਚੰਦੂਮਾਜਰਾ ਸੰਗਤ ਵਿਚ ਮਜ਼ਾਕ ਦਾ ਪਾਤਰ ਬਣ ਗਏ। ਜਥੇਦਾਰ ਹਰਪ੍ਰੀਤ ਸਿੰਘ ਨੇ ਵਾਰ ਵਾਰ ਕਿਹਾ ਕਿ ਝੂਠ ਬੋਲਣ ਤੋਂ ਬਚਿਆ ਜਾਵੇ। ਸੁਖਦੇਵ ਸਿੰਘ ਢੀਂਡਸਾ ਨੂੰ ਗ਼ਲਤੀ ਮੰਨਣੀ ਪਈ ਪਰ ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸਰਵਨ ਸਿੰਘ ਫਿਲੌਰ, ਸੋਹਨ ਸਿੰਘ ਠੰਡਲ, ਰਾਜਿੰਦਰ ਸਿੰਘ ਮਹਿਤਾ ਤੇ ਹੋਰਨਾਂ ਨੇ ਆਪੋ-ਅਪਣੇ ਪੱਖ ਪੇਸ਼ ਕੀਤੇ।
ਮੈਂ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਪੱਤਰ ਨਾਲ ਛੇੜ-ਛਾੜ ਨਹੀਂ ਕੀਤੀ ਸੀ : ਡਾ. ਚੀਮਾ
ਜਦ ਜਥੇਦਾਰ ਨੇ ਬਾਦਲ ਦੇ ਕਰੀਬੀ ਰਹੇ ਡਾ. ਦਲਜੀਤ ਸਿੰਘ ਚੀਮਾ ਨੂੰ ਪੁਛਿਆ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਪੱਤਰ ਨੂੰ ਉਨ੍ਹਾਂ ਨੇ ਤਿਆਰ ਕੀਤਾ ਸੀ ਜਾਂ ਉਸ ਵਿਚ ਤਬਦੀਲੀਆਂ ਕੀਤੀਆਂ ਸਨ ਤਾਂ ਦਲਜੀਤ ਸਿੰਘ ਚੀਮਾ ਨੇੇ ਇਸ ਗੱਲ ਤੋਂ ਸਾਫ਼ ਇਨਕਾਰ ਕਰਦਿਆਂ ਆਖਿਆ ਕਿ ਉਨ੍ਹਾਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਪੱਤਰ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਸੀ।
ਪ੍ਰਧਾਨ ਸਮੇਤ ਅਕਾਲੀ ਦਲ ਦੇ ਢਾਂਚੇ ਦੀ ਚੋਣ ਲਈ 5 ਮੈਂਬਰੀ ਕਮੇਟੀ ਗਠਤ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਕਮੇਟੀ ਦਾ ਪ੍ਰਧਾਨ ਥਾਪਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਸਮੁੱਚੇ ਢਾਂਚੇ ਦਾ ਗਠਨ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਕੰਮ ਨਵੀਂ ਭਰਤੀ ਕਰ ਕੇ 6 ਮਹੀਨਿਆਂ ਦੇ ਅੰਦਰ-ਅੰਦਰ ਕਰਨਾ ਹੋਵੇਗਾ। ਇਹ ਚੋਣ ਮੁਕੰਮਲ ਕਰਾਉਣ ਲਈ ਬਣੀ ਕਮੇਟੀ ਵਿਚ ਐਡਵੋਕੇਟ ਧਾਮੀ ਦੇ ਨਾਲ ਸ. ਇਕਬਾਲ ਸਿੰਘ ਝੂੰਦਾਂ, ਸ. ਮਨਪ੍ਰੀਤ ਸਿੰਘ ਇਯਾਲੀ, ਬੀਬਾ ਸਤਵੰਤ ਕੌਰ ਪੁਤਰੀ ਭਾਈ ਅਮਰੀਕ ਸਿੰਘ ਨੂੰ ਲਾਇਆ ਗਿਆ ਹੈ। ਇਹ ਕਮੇਟੀ ਸਹੀ ਭਰਤੀ ਕਰ ਕੇ 6 ਮਹੀਨਿਆਂ ਵਿਚ ਚੋਣ ਕਰਵਾਏਗੀ। ਜਥੇਦਾਰ ਨੇ ਕਿਹਾ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਨੈਤਿਕ ਆਧਾਰ ਗੁਆ ਚੁੱਕਾ ਹੈ।