ਕਈ ਇਲਾਕਿਆਂ ’ਚ ਧੁੰਦ ਪੈਣ ਦੀ ਵੀ ਪ੍ਰਗਟਾਈ ਸੰਭਾਵਨਾ
ਚੰਡੀਗੜ੍ਹ : ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਵਿਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ । ਕਈ ਇਲਾਕਿਆਂ ਵਿਚ ਧੁੰਦ ਦੀ ਵੀ ਸੰਭਾਵਨਾ ਵੀ ਦਰਸਾਈ ਗਈ ਹੈ । ਪਿਛਲੇ 24 ਘੰਟਿਆਂ ਵਿਚ ਰਾਜ ਦਾ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਨਾਲ ਤਾਪਮਾਨ ਆਮ ਦੇ ਨੇੜੇ ਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਅਤੇ ਬਠਿੰਡਾ ਸਭ ਤੋਂ ਠੰਢੇ ਸਥਾਨ ਸਨ ਜਿਥੇ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਸੀ। ਵਿਭਾਗ ਵਲੋਂ ਮੀਂਹ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਰਾਜ ਭਰ ਵਿਚ ਮੌਸਮ ਖੁਸ਼ਕ ਰਹੇਗਾ। ਫਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ, ਫ਼ਾਜ਼ਿਲਕਾ, ਮੋਗਾ ਅਤੇ ਜਲੰਧਰ ਦੇ ਕੁਝ ਇਲਾਕਿਆਂ ਵਿਚ ਸੀਤ ਲਹਿਰ ਚੱਲਣ ਦੀ ਉਮੀਦ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਘਟ ਸਕਦਾ ਹੈ।
