‘ਅੰਮ੍ਰਿਤਸਰ ਅਤੇ ਮੋਹਾਲੀ ਲਈ ਨਾਮਵਰ ਵਿਦੇਸ਼ੀ ਕੈਰੀਅਰਾਂ ਨੂੰ ਕਾਲ ਪੁਆਇੰਟ ਦੀ ਆਗਿਆ ਦੇਣ ਅਤੇ ਪ੍ਰਦਾਨ ਕਰਨ ਦੀ ਤੁਰੰਤ ਲੋੜ’
ਮੋਹਾਲੀ: ਪੰਜਾਬ ਤੋਂ ਮੈਂਬਰ ਪਾਰਲੀਮੈਂਟ, ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿੱਚ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਆਉਣ-ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਅਤੇ ਕਾਰਗੋ ਉਡਾਣਾਂ ਦੀ ਘਾਟ ਦਾ ਮੁੱਦਾ ਉਠਾਇਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਉਹਨਾਂ ਦੀ ਪੁੱਛ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਬਰਮਿੰਘਮ, ਬੈਂਕਾਕ, ਦੋਹਾ, ਦੁਬਈ, ਕੁਆਲਾਲੰਪੁਰ, ਲੰਡਨ (ਗੈਟਵਿਕ), ਮਿਲਾਨ, ਸ਼ਾਰਜਾਹ ਅਤੇ ਸਿੰਗਾਪੁਰ ਤੋਂ ਅੰਤਰਰਾਸ਼ਟਰੀ ਉਡਾਣਾਂ ਹਨ, ਜਦੋਂ ਕਿ ਚੰਡੀਗੜ੍ਹ ਤੋਂ ਦੁਬਈ ਅਤੇ ਅਬੂ ਧਾਬੀ ਲਈ/ਜਾਣ ਵਾਲੀਆਂ ਅੰਤਰਰਾਸ਼ਟਰੀ ਸੇਵਾਵਾਂ ਹਨ।
ਡਾ. ਸਾਹਨੀ ਨੇ ਦੁਹਰਾਇਆ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ 'ਤੇ 40% ਤੋਂ ਵੱਧ ਟ੍ਰੈਫਿਕ ਪੰਜਾਬ ਤੋਂ ਹੈ ਅਤੇ ਇਸ ਲਈ ਅੰਮ੍ਰਿਤਸਰ ਅਤੇ ਮੋਹਾਲੀ ਲਈ ਨਾਮਵਰ ਵਿਦੇਸ਼ੀ ਕੈਰੀਅਰਾਂ ਨੂੰ ਕਾਲ ਪੁਆਇੰਟ ਦੀ ਆਗਿਆ ਦੇਣ ਅਤੇ ਪ੍ਰਦਾਨ ਕਰਨ ਦੀ ਤੁਰੰਤ ਲੋੜ ਹੈ, ਕਿਉਂਕਿ ਇਸ ਸਮੇਂ ਇਹ ਦੁਵੱਲੇ ਹਵਾਈ ਸੇਵਾਵਾਂ ਸਮਝੌਤੇ (ਏਐਸਏ) ਦੁਆਰਾ ਨਿਯੰਤਰਿਤ ਹੈ। ਡਾ. ਸਾਹਨੀ ਨੇ ਮੰਤਰੀ ਦੇ ਜਵਾਬ 'ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਤੋਂ ਕਾਰਗੋ ਉਡਾਣਾਂ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ ਜਦਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਚੋਂ ਕਾਫ਼ੀ ਨਿਰਯਾਤ, ਖਾਸ ਕਰਕੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਦੀ ਵੱਡੀ ਸੰਭਾਵਨਾ ਹੈ।
