
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਵਲੋਂ ਅਸਤੀਫ਼ੇ ਦੇਣ ਮਗਰੋਂ ਹੁਣ ਸਾਰਿਆਂ ਦੀ ਨਿਗ੍ਹਾ ਨਵੇਂ ਅਹੁਦੇਦਾਰਾਂ ...
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਵਲੋਂ ਅਸਤੀਫ਼ੇ ਦੇਣ ਮਗਰੋਂ ਹੁਣ ਸਾਰਿਆਂ ਦੀ ਨਿਗ੍ਹਾ ਨਵੇਂ ਅਹੁਦੇਦਾਰਾਂ ਦੀ ਚੋਣ 'ਤੇ ਟਿਕੀ ਹੋਈ ਹੈ ਕਿ ਦਿੱਲੀ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ? ਨਵੇਂ ਅਹੁਦੇਦਾਰਾਂ ਦੀ ਚੋਣ 19 ਜਨਵਰੀ ਨੂੰ ਕੀਤੀ ਜਾਣੀ ਹੈ। ਕਮੇਟੀ ਅਹੁਦੇਦਾਰਾਂ ਦੀ ਚੋਣ ਹਰ ਦੋ ਸਾਲਾਂ ਵਿਚ ਇਕ ਵਾਰ ਕਰਵਾਈ ਜਾਂਦੀ ਹੈ। ਉਂਝ ਇਹ ਚੋਣਾਂ ਮਾਰਚ 2019 ਵਿਚ ਹੋਣੀਆਂ ਤੈਅ ਸਨ, ਪਰ ਜੀਕੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਇਹ ਚੋਣ ਕੁੱਝ ਸਮਾਂ ਪਹਿਲਾਂ ਕਰਵਾਈ ਜਾ ਰਹੀ ਹੈ।
Delhi Gurdwara Management Committe
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ 6 ਦਸੰਬਰ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਮੇਤ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਨੇ ਆਪੋ-ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿਤੇ ਸਨ। ਦਰਅਸਲ, ਇਹ ਅਸਤੀਫ਼ੇ ਜੀਕੇ ਵਿਰੁੱਧ ਦਿੱਲੀ ਦੀ ਇਕ ਅਦਾਲਤ 'ਚ ਦਾਇਰ ਕੀਤੀ ਗਈ ਇਕ ਪਟੀਸ਼ਨ ਤੋਂ ਬਾਅਦ ਦਿਤੇ ਗਏ ਸਨ, ਜਿਸ ਰਾਹੀਂ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਜੀਕੇ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਕਮੇਟੀ ਦੇ ਫੰਡਾਂ ਵਿਚ ਗੜਬੜੀ ਕੀਤੀ ਸੀ।
Delhi Gurdwara Committee
ਇਹ ਮਾਮਲਾ ਹਾਲੇ ਸੈਸ਼ਨ ਕੋਰਟ ਵਿਚ ਸੁਣਵਾਈ ਅਧੀਨ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 55 ਮੈਂਬਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹੁਦੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਆਖਿਆ ਸੀ। ਉਸ ਸਮੇਂ ਉਨ੍ਹਾਂ ਉੱਚ ਅਹੁਦਿਆਂ ਲਈ ਨਵੇਂ ਚਿਹਰੇ ਸਾਹਮਣੇ ਲਿਆਉਣ ਦੀ ਗੱਲ ਵੀ ਆਖੀ ਸੀ। ਇਨ੍ਹਾਂ ਅਹੁਦੇਦਾਰਾਂ ਅਸਤੀਫ਼ਿਆਂ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਨੇ ਜੀਕੇ ਦੀ ਥਾਂ ਆਫਿਸ਼ੀਏਟਿੰਗ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਸੀ।
Delhi Gurdwara Committee Elections
ਹਾਲੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕੁਝ ਹੋਰ ਅਹੁਦੇਦਾਰ ਅਪਣੇ ਅਹੁਦਿਆਂ 'ਤੇ ਕਾਇਮ ਹਨ ਕਿਉਂਕਿ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਗਏ ਸਨ। ਇਸ ਵਾਰ ਦੀ ਚੋਣ ਵਿਚ ਹਰਮਨਜੀਤ ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਕਾਲਕਾ ਹੀ ਅਜਿਹੇ ਮੁੱਖ ਦਾਅਵੇਦਾਰ ਹਨ, ਜਿਨ੍ਹਾਂ ਦੇ ਜੀਕੇ ਦੀ ਥਾਂ ਨਵਾਂ ਪ੍ਰਧਾਨ ਬਣਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ, ਪਰ ਇਹ ਤਾਂ 19 ਜਨਵਰੀ ਨੂੰ ਹੀ ਪਤਾ ਚੱਲੇਗਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਬਣੇਗਾ?