
ਬਹੁਗਿਣਤੀ ਕਾਰੋਬਾਰ ਮੰਦਵਾੜੇ ਦਾ ਸ਼ਿਕਾਰ ਪਰ ਰਾਜਨੀਤਕ ਖੇਤਰ ਸਦਾਬਹਾਰ
19 ਸਾਲਾਂ ਵਿਚ 3300 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ, ਸਿਆਸੀ ਆਗੂਆਂ ਦੀ ਖ਼ੁਦਕੁਸ਼ੀ ਦਰ ਸਿਫ਼ਰ
ਸੰਗਰੂਰ, 2 ਜਨਵਰੀ (ਬਲਵਿੰਦਰ ਸਿੰਘ ਭੁੱਲਰ): ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁਧ ਲਗਾਇਆ ਮੋਰਚਾ ਜਾਇਜ਼ ਹੈ ਕਿਉਾਕਿ ਭਾਰਤ ਦੀ 73 ਸਾਲਾਂ ਦੀ ਅਜ਼ਾਦੀ ਤੋਂ ਬਾਅਦ ਵੀ ਕਿਸਾਨ ਦਿਨੋਂ ਦਿਨ ਗ਼ਰੀਬ ਹੁੰਦਾ ਗਿਆ ਤੇ ਰਾਜਨੀਤਕ ਲੋਕ ਮਾਲਾਮਾਲ ਹੁੰਦੇ ਗਏ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਟੀ ਦੀ ਸਾਂਝੀ ਰੀਪੋਰਟ ਅਨੁਸਾਰ ਸੰਨ 2000 ਤੋਂ 2019 ਤਕ ਪੰਜਾਬ ਵਿਚ 3300 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਜਿਸ ਵਿਚੋਂ 97 ਫ਼ੀ ਸਦੀ ਕਿਸਾਨ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਸਨ |
ਸੰਨ 2016 ਵਿਚ ਇਕ ਸਾਲ ਦੋਰਾਨ 1500 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਪਰ ਹੁਣ ਤਕ ਕਿਸੇ ਵੀ ਰਾਜਨੀਤਕ ਆਗੂ ਦੇ ਖ਼ੁਦਕੁਸ਼ੀ ਕਰਨ ਦੀ ਰੀਪੋਰਟ ਨਹੀਂ ਮਿਲੀ | ਸੂਬੇ ਦੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧ ਰਖਦੇ ਪੰਜਾਬ ਦੇ ਸੈਂਕੜੇ ਸਿਆਸੀ ਆਗੂ ਕਰੋੜਪਤੀ ਅਤੇ ਅਰਬਪਤੀ ਹਨ ਪਰ ਉਹ ਅਪਣੇ ਸੀ.ਏਜ਼ ਜਾਂ ਇਨਕਮ ਟੈਕਸ ਕਾਂਸਲਟੈਂਟਸ ਦੀ ਮਦਦ ਨਾਲ ਅਪਣੀ ਸਮੁੱਚੀ ਚਲ ਅਚਲ ਜਾਇਦਾਦ ਨੂੰ ਪ੍ਰਵਾਰ ਦੇ ਮੈਂਬਰਾਂ ਦਰਮਿਆਨ ਇਸ ਢੰਗ ਜਾਂ ਤਰੀਕੇ ਨਾਲ ਤਕਸੀਮ ਕਰਦੇ ਹਨ ਤਾਕਿ ਵੇਖਣ, ਸੋਚਣ, ਸਮਝਣ ਅਤੇ ਪੜਤਾਲ ਕਰਨ ਵਾਲਿਆਂ ਨੂੰ ਪ੍ਰਵਾਰਾਂ ਦੇ ਇਕੱਲੇ ਇਕੱਲੇ ਮੈਂਬਰਾਂ ਕੋਲ ਇਹ ਸਰਮਾਇਆ ਜਾਂ ਚਲ ਅਚਲ ਜਾਇਦਾਦ ਵਾਜਬ ਜਾਂ ਸੀਮਤ ਜਿਹੀ ਨਜ਼ਰ ਆਵੇ | ਲੋਕ ਸਭਾ, ਰਾਜ ਸਭਾ,ਵਿਧਾਨ ਸਭਾ ਜਾਂ ਇਸ ਪ੍ਰਕਾਰ ਦੇ ਹੋਰ ਲੋਕ ਰਾਜੀ ਅਦਾਰਿਆਂ ਦੀ ਚੋਣ ਵਿਚ ਕੁੱਦਣ ਤੋਂ ਪਹਿਲਾਂ ਸਾਰਿਆਂ ਨੂੰ ਇਕ ਹਲਫ਼ਨਾਮਾ ਜ਼ਰੂਰ ਦਾਖ਼ਲ ਕਰਨਾ ਪੈਂਦਾ ਹੈ ਕਿ ਅੱਜ ਦੀ ਤਰੀਕ ਵਿਚ ਉਸ ਕੋਲ ਜਾਂ ਉਸ ਦੀ ਪਤਨੀ ਜਾਂ ਬੱਚਿਆਂ ਕੋਲ ਇੰਨੀ ਕੀਮਤ ਦੀ ਚਲ ਅਚਲ ਜਾਇਦਾਦ ਜਾਂ ਇੰਨੀ ਮਿਕਦਾਰ ਵਿਚ ਨਕਦ ਸਰਮਾਇਆ ਹੈ | ਭਾਵੇਂ ਇਹ ਨਿਰੋਲ ਅੰਕੜਿਆਂ ਦਾ ਖੇਡ ਹੈ ਪਰ 2017 ਦੀ ਪੰਜਾਬ ਵਿਧਾਨ ਸਭਾ ਲਈ ਐਮ.ਐਲ.ਏ. ਦੀ ਚੋਣ ਲੜਨ ਵਾਲਿਆਂ ਉਨ੍ਹਾਂ ਪਹਿਲੇ 10 ਅਮੀਰ ਸਿਆਸੀ ਆਗੂਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਚੋਣ ਕਮਿਸ਼ਨ ਕੋਲ ਕਾਗ਼ਜ਼ ਦਾਖ਼ਲ ਕਰਨ ਵੇਲੇ ਅਪਣੀ ਸਮੁੱਚੀ ਜਾਇਦਾਦ ਦਾ ਹਲਫ਼ੀਆ ਬਿਆਨ ਦੇ ਰੂਪ ਵਿਚ ਪ੍ਰਗਟਾਵਾ ਕੀਤਾ |
ਪੰਜਾਬ ਵਿਚ ਸੱਭ ਤੋਂ ਪਹਿਲੇ ਨੰਬਰ ਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਵਾਰੀ ਆਉਾਦੀ ਹੈ ਜਿਸ ਕੋਲ 2017 ਵਿਚ 169.88 ਕਰੋੜ ਰੁਪਏ ਦੀ ਜਾਇਦਾਦ, ਜਦਕਿ 2012 ਵਿਚ 68.46 ਕਰੋੜ ਰੁਪਏ ਦੀ ਜਾਇਦਾਦ ਸੀ | ਇਨ੍ਹਾਂ ਦਾ ਮੁੱਖ ਕਿੱਤਾ ਸ਼ੂਗਰ ਮਿਲਾਂ ਹਨ ਜਿਹੜੀਆਂ ਪੰਜਾਬ ਤੇ ਯੂ.ਪੀ.ਵਿਚ ਹਨ | ਦੂਸਰੇ ਨੰਬਰ ਤੇ ਅਬੋਹਰ ਤੋਂ ਅਜ਼ਾਦ ਉਮੀਦਵਾਰ ਸ਼ਿਵ ਲਾਲ ਡੋਡਾ ਆਉਾਦੇ ਹਨ ਜਿਨ੍ਹਾਂ ਕੋਲ 2017 ਵਿਚ 141.85 ਕਰੋੜ ਦੀ ਜਾਇਦਾਦ ਸੀ | ਸ਼ਿਵ ਲਾਲ ਸ਼ਰਾਬ ਕਾਰੋਬਾਰੀ ਹਨ | ਤੀਜੇ ਨੰਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਦਾ ਹੈ ਜਿਸ ਕੋਲ 2017 ਵਿਚ 119.40 ਕਰੋੜ ਦੀ ਜਾਇਦਾਦ ਸੀ ਅਤੇ 2012 ਵਿਚ 128.43 ਕਰੋੜ ਦੀ ਜਾਇਦਾਦ ਸੀ | ਇਹ ਮੁਕਤਸ਼ਰ ਤੋਂ ਕਾਂਗਰਸ ਦੇ ਵਿਧਾਇਕ ਰਹੇ | ਚੌਥੇ ਨੰਬਰ ਤੇ ਸੁਖਬੀਰ ਸਿੰਘ ਬਾਦਲ ਦਾ ਨਾਂ ਆਉਾਦਾ ਹੈ ਜਿਸ ਕੋਲ 2017 ਵਿਚ 102.67 ਕਰੋੜ ਰੁਪਏ ਦੀ ਜਾਇਦਾਦ ਸੀ ਪਰ 2012 ਵਿਚ ਉਨ੍ਹਾਂ ਕੋਲ 90.86 ਕਰੋੜ ਦੀ ਜਾਇਦਾਦ ਸੀ | ਸੁਖਬੀਰ ਬਾਦਲ ਪਹਿਲਾਂ ਜਲਾਲਾਬਾਦ ਤੋਂ ਅਕਾਲੀ ਵਿਧਾਇਕ ਸਨ ਪਰ ਬਾਅਦ ਵਿਚ ਲੋਕ ਸਭਾ ਸੀਟ ਫ਼ਿਰੋਜ਼ਪੁਰ ਤੋਂ ਪਾਰਲੀਮੈਂਟ ਲਈ ਚੁਣੇ ਗਏ | ਪੰਜਵੇਂ ਨੰਬਰ ਤੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਹੈ ਜਿਨ੍ਹਾਂ ਕੋਲ 2017 ਵਿਚ 89.14 ਕਰੋੜ ਦੀ ਜਾਇਦਾਦ ਸੀ ਜਦਕਿ 2012 ਵਿਚ 78.51 ਕਰੋੜ ਰੁਪਏ ਦੀ ਜਾਇਦਾਦ ਸੀ | ਉਹ ਅਤੇ ਉਨ੍ਹਾਂ ਦੀ ਪਤਨੀ ਮੁੱਖ ਤੌਰ 'ਤੇ ਕਾਰੋਬਾਰੀ ਹਨ |
ਛੇਵੇਂ ਨੰਬਰ ਤੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀ ਵਾਰੀ ਆਉਾਦੀ ਹੈ ਜਿਨ੍ਹਾਂ ਕੋਲ 2017 ਵਿਚ 65.86 ਕਰੋੜ ਦੀ ਜਾਇਦਾਦ ਸੀ | ਅਰੋੜਾ ਰੀਅਲ ਅਸਟੇਟ ਕਾਰੋਬਾਰੀ ਹਨ | ਸੱਤਵੇਂ ਨੰਬਰ ਤੇ ਖਰੜ ਤੋਂ ਅਕਾਲੀ ਵਿਧਾਇਕ ਦੀ ਚੋਣ ਲੜੇ ਰਣਜੀਤ ਸਿੰਘ ਗਿੱਲ ਦੀ ਵਾਰੀ ਹੈ ਜਿਸ ਕੋਲ 2017 ਵਿਚ 62.91 ਕਰੋੜ ਦੀ ਜਾਇਦਾਦ ਸੀ | ਉਹ ਵੀ ਰੀਅਲ ਅਸਟੇਟ ਕਾਰੋਬਾਰੀ ਹਨ | ਅੱਠਵੇਂ ਸਥਾਨ ਤੇ ਸੁਖਪਾਲ ਸਿੰਘ ਖਹਿਰਾ ਹਨ ਜਿਹੜੇ ਹਲਕਾ ਭੁਲੱਥ ਤੋਂ ਆਪ ਦੀ ਟਿਕਟ ਤੇ ਜਿੱਤੇ | ਉਨ੍ਹਾਂ ਕੋਲ 2017 ਵਿਚ 59 ਕਰੋੜ ਦੀ ਜਾਇਦਾਦ ਸੀ ਜਦ ਕਿ 2012 ਵਿਚ 45.14 ਕਰੋੜ ਦੀ ਜਾਇਦਾਦ ਸੀ | ਇਸ ਪ੍ਰਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਦਸਿਆ ਗਿਆ ਹੈ | ਨੌਵੇਂ ਨੰਬਰ ਤੇ ਜਲੰਧਰ ਕੈਂਟ ਤੋਂ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦਾ ਨਾਂ ਹੈ ਜਿਨ੍ਹਾਂ ਕੋਲ 2017 ਵਿਚ 59 ਕਰੋੜ ਦੀ ਜਾਇਦਾਦ ਜਦਕਿ 2012 ਵਿਚ 45.14 ਕਰੋੜ ਦੀ ਜਾਇਦਾਦ ਸੀ | ਉਹ ਵੀ ਰੀਅਲ ਅਸਟੇਟ ਕਾਰੋਬਾਰੀ ਯਾਨੀ ਅਪਣੀ ਜ਼ਮੀਨ ਖ਼ਰੀਦ ਕੇ ਉਸ ਉਪਰ ਕਾਲੋਨੀਆਂ ਅਤੇ ਪਲਾਟ ਕੱਟਣ ਦਾ ਕੰਮ ਕਰਦੇ ਹਨ |
ਸੱਭ ਤੋਂ ਅਖ਼ੀਰ ਯਾਨੀ 10ਵੇਂ ਸਥਾਨ ਤੇ ਬਾਦਲ ਪ੍ਰਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਵਾਰੀ ਹੈ ਜਿਸ ਕੋਲ 2017 ਵਿਚ 53.21 ਕਰੋੜ, ਜਦਕਿ 2012 ਵਿਚ 51.23 ਕਰੋੜ ਦੀ ਜਾਇਦਾਦ ਸੀ | ਇਹ ਪੱਟੀ ਤੋਂ ਅਕਾਲੀ ਵਿਧਾਇਕ ਹਨ | ਉਕਤ ਦਸਾਂ ਸਿਆਸੀ ਆਗੂਆਂ ਦੀ ਜਾਇਦਾਦ ਵਲ ਅਗਰ ਪੰਛੀ ਝਾਤ ਮਾਰੀ ਜਾਵੇ ਤਾਂ ਪਤਾ ਚਲਦਾ ਹੈ ਕਿ 2012 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਉਨ੍ਹਾਂ ਦੀ ਚਲ ਅਤੇ ਅਚਲ ਜਾਇਦਾਦ 2017 ਵਿਚ ਵਧੀ ਹੈ ਜਿਸ ਤੋਂ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋਰ ਭਾਵੇਂ ਕਿਸੇ ਵੀ ਕਾਰੋਬਾਰ ਵਿਚ ਮੰਦੜਾੜਾ ਆ ਜਾਵੇ ਪਰ ਸਿਆਸਤ ਉਹ ਸਦਾਬਹਾਰ ਖੇਤਰ ਹੈ ਜਿਥੇ ਕਿਸੇ ਦੀ ਵੀ ਚਲ ਅਚਲ ਜਾਇਦਾਦ ਕਦੇ ਨਹੀਂ ਘਟਦੀ |
ਕਿਸਾਨ ਹੋਏ ਗ਼ਰੀਬ, ਪੰਜਾਬ ਦੇ ਸਿਆਸੀ ਆਗੂਆਂ ਦੀਆਂ ਜਾਇਦਾਦਾਂ ਵਿਚ ਬੇਸ਼ੁਮਾਰ ਵਾਧਾ