
ਕਿਹੜੇ ਵਾਅਦੇ ਹੋਏ ਪੂਰੇ ਤੇ ਕਿਹੜੇ ਅਧੂਰੇ?
ਬਟਾਲਾ (ਨਿਤਿਨ ਲੂਥਰਾ ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਸਿਰ 'ਤੇ ਹਨ। ਕਿਸੇ ਵੀ ਸਮੇਂ ਚੋਣ ਜ਼ਾਬਤਾ ਲੱਗ ਸਕਦਾ ਹੈ। ਪਾਰਟੀਆਂ ਵਲੋਂ ਰੈਲੀਆਂ, ਮੀਟਿੰਗਾਂ ਅਤੇ ਜੋੜ-ਤੋੜ ਕਰਕੇ ਵੋਟਰਾਂ ਨੂੰ ਆਪਣੇ ਪਾਲੇ 'ਚ ਕਰਨ ਲਈ ਦਾਅ-ਪੇਚ ਲਗਾਏ ਜਾ ਰਹੇ ਹਨ। ਕੀ ਐਤਕੀਂ ਦੁਬਾਰਾ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਨੂੰ ਮੌਕਾ ਦੇਵੇਗੀ ਜਾਂ ਕਿਸੇ ਹੋਰ ਪਾਰਟੀ ਨੂੰ ਸੱਤਾ ਦੀ ਕੁਰਸੀ ਤਕ ਪਹੁੰਚਾਏਗੀ। ਇਹੀ ਜਾਨਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਬਟਾਲਾ ਹਲਕੇ 'ਚ ਸਿਆਸੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ।
PHOTO
ਬਟਾਲਾ ਧਾਰਮਿਕ ਅਤੇ ਇਤਿਹਾਸਕ ਖੇਤਰ 'ਚ ਆਪਣੀ ਖ਼ਾਸ ਥਾਂ ਰੱਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਸ਼ਹਿਰ 'ਚ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਰਵਾ ਕੇ ਇਸ ਧਰਤੀ ਨੂੰ ਪੂਜਣਯੋਗ ਬਣਾ ਦਿੱਤਾ। ਬਟਾਲਾ ਸ਼ਹਿਰ ਨੂੰ ਪਹਿਲਾਂ ਪਹਿਲ ਸਾਰੇ ਵਟਾਲਾ ਕਹਿੰਦੇ ਸਨ, ਜਿਸ ਦੀ ਉਦਾਹਰਣ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਵੀ ਮਿਲ ਜਾਂਦੀ ਹੈ।
PHOTO
ਬਟਾਲਾ ਹਲਕੇ ਦੇ ਲੋਕਾਂ ਨੇ ਕਾਂਗਰਸ, ਅਕਾਲੀ-ਭਾਜਪਾ ਦੀਆਂ ਸਰਕਾਰਾਂ ਨੂੰ ਹਰ ਵਾਰ ਮੌਕਾ ਦਿੱਤਾ, ਪਰ ਫਿਰ ਵੀ ਲੋਕ ਮੂਲਭੂਤ ਸਹੂਲਤਾਂ ਤੋਂ ਸੱਖਣੇ ਹਨ। ਬਟਾਲਾ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੜਕਾਂ ਦਾ ਮਾੜਾ ਹਾਲ ਹੈ। ਬੁਢਾਪਾ ਪੈਨਸ਼ਨ ਲਈ ਬਜ਼ੁਰਗ ਥਾਂ-ਥਾਂ ਥੱਕੇ ਖਾ ਰਹੇ ਹਨ। ਸਰਕਾਰ ਨੇ ਨੌਕਰੀਆਂ ਦੇਣ ਦੀ ਗੱਲ ਕਹੀ ਸੀ ਪਰ ਅੱਜ ਤੱਕ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ। ਜਿਸ ਕਰਕੇ ਅਸੀਂ ਨਵੀਂ ਸਰਕਾਰ ਚਾਹੁੰਦੇ ਹਾਂ। ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਾਂ ਤਾਂ ਜੋ ਉਹ ਸਾਡੇ ਮਸਲੇ ਹੱਲ ਕਰਨ।
PHOTO
ਸਬਜ਼ੀ ਵਿਕਰੇਤਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ 2017 ਵਿਚ ਵਾਅਦੇ ਕੀਤੇ ਸਨ। ਉਹ ਕੈਪਟਨ ਦੀ ਸਰਕਾਰ ਵੇਲੇ ਪੂਰੇ ਨਹੀਂ ਹੋਏ ਪਰ ਹੁਣ ਜਦੋਂ ਤੋਂ ਚੰਨੀ ਸਰਕਾਰ ਸੱਤਾ ਵਿਚ ਆਏ ਹਨ। ਉਹਨਾਂ ਨੇ ਵਾਅਦੇ ਪੂਰੇ ਕੀਤੇ। ਚੰਨੀ ਸਰਕਾਰ ਨੇ ਸਾਰੇ ਵਾਅਦੇ ਪੂਰੇ ਕੀਤੇ। ਸਰਕਾਰ ਨੇ ਨਸ਼ਿਆਂ ਉਤੇ ਸ਼ਿਕੰਜ਼ਾ ਕੱਸਿਆ ਹੋਇਆ ਹੈ। ਚੰਨੀ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਰੇਤ ਮਾਫੀਆਂ ਨੂੰ ਵੀ ਕੰਟਰੋਲ ਕੀਤਾ। ਦੁਕਾਨਦਾਰ ਨੇ ਦੱਸਿਆ ਕਿ ਬਟਾਲਾ ਸ਼ਹਿਰ ਦਾ ਜੋ ਵਿਕਾਸ ਨਹੀਂ ਹੋਇਆ ਸੀ। ਉਹ ਕਾਂਗਰਸ ਸਰਕਾਰ ਵੇਲੇ 80% ਪੂਰਾ ਹੋ ਗਿਆ ਹੈ।
PHOTO
ਬਟਾਲਾ ਸ਼ਹਿਰ ਵਿਚ ਸੜਕ, ਸੀਵਰੇਜ ਦਾ ਕੰਮ ਹੋਇਆ ਹੈ। ਦੁਕਾਨਦਾਰ ਨੇ ਕਿਹਾ ਕਿ ਜੇ ਬਟਾਲਾ ਵਿਚ ਕੋਈ ਇੰਡਸਟਰੀ ਹੁੰਦੀ ਤਾਂ ਸ਼ਾਇਦ ਅੱਜ ਕੋਈ ਹੋਰ ਦਸ਼ਾ ਹੋਣੀ ਸੀ। ਜੇ ਬਟਾਲਾ ਨੂੰ ਕੋਈ ਨਵੀਂ ਦਿਸ਼ਾ ਦਿੱਤੀ ਜਾਂਦੀ ਤਾਂ ਸ਼ਾਇਦ ਬਟਾਲਾ ਹੋਰ ਬੁਲੰਦੀਆਂ 'ਤੇ ਹੁੰਦਾ। ਅੱਜ ਲੋਕ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸ਼ਹਿਰ ਵਿਚ ਪਏ ਗੰਦਗੀ ਦੇ ਢੇਰਾਂ ਤੋਂ ਦੁਖੀ ਲੋਕਾਂ ਨੇ ਕਿਹਾ ਕਿ ਸ਼ਹਿਰ ਵਿਚ ਵੱਡੇ-ਵੱਡੇ ਕੂੜੇ ਦੇ ਢੇਰ ਪਏ ਰਹਿੰਦੇ ਹਨ। ਸਾਡੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਜੋ ਕਿ ਹੈਲਥ ਦੇ ਚੇਅਰਮੈਨ ਸਨ ਤੋਂ ਪੰਜ ਸਾਲਾਂ ਵਿਚ 200 ਮੀਟਰ ਤੱਕ ਫੈਲੇ ਕੂੜੇ ਦੇ ਢੇਰ ਨਹੀਂ ਹਟਾਏ ਗਏ।
PHOTO
ਹਸਪਤਾਲ ਦਾ ਵੀ ਮਾੜਾ ਹਾਲ ਹੈ। ਜੇ ਕਿਸੇ ਨੂੰ ਮਾੜੀ ਜਿਹੀ ਸੱਟ ਲੱਗ ਜਾਂਦੀ ਹੈ ਤਾਂ ਉਸਨੂੰ ਜਲੰਧਰ, ਅੰਮ੍ਰਿਤਸਰ ਜਾਂ ਪੀਜੀਆਈ ਰੈਫ਼ਰ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬਟਾਲਾ ਸ਼ਹਿਰ ਦਾ ਵਸਨੀਕ ਹੈਲਥ ਚੇਅਰਮੈਨ ਸੀ ਪਰ ਸ਼ਹਿਰ ਵਿਚ ਸਿਹਤ ਸਹੂਲਤਾਂ ਦਾ ਕੋਈ ਚੰਗਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕਾਂ ਨੇ ਧਰਨੇ ਲਗਾ ਕੇ ਸੜਕਾਂ, ਸੀਵਰੇਜ ਦਾ ਕੰਮ ਕਰਵਾਇਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿੰਨਾ ਕਰ ਸਕਦੇ ਸਨ ਉਹਨਾਂ ਨੇ ਇਲਾਕੇ ਦਾ ਵਿਕਾਸ ਕਰਵਾਇਆ। ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਲੋਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਂ ਸਾਲਾਂ ਵਿਚ ਕੀਤਾ ਹੀ ਕੁਝ ਨਹੀਂ।
PHOTO
ਬੱਚਿਆਂ ਦੇ ਫਾਰਮ ਭਰੇ ਰਹਿ ਗਏ। ਕੁੜੀਆਂ ਪੜ੍ਹ ਕੇ ਵਿਆਹੀਆਂ ਗਈਆਂ ਕਿਸੇ ਨੂੰ ਕੋਈ ਸਮਾਰਟ ਫੋਨ ਨਹੀਂ ਮਿਲਿਆ। ਬਟਾਲਾ ਸ਼ਹਿਰ ਦਾ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਵੀ ਇਲਾਕੇ ਦਾ ਕੁਝ ਨਹੀਂ ਸਵਾਰਿਆ। ਲਖਬੀਰ ਸਿੰਘ ਲੋਧੀਨੰਗਲ ਦਫ਼ਤਰ ਆਉਂਦੇ ਸਨ ਤੇ ਟਾਈਮਪਾਸ ਕਰਕੇ ਮੁੜ ਜਾਂਦੇ ਸਨ। ਦੁਕਾਨਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ। ਕਾਂਗਰਸ ਵਿਧਾਇਕ ਕਹਿੰਦੇ ਹਨ ਕਿ ਬਟਾਲਾ ਵਿਚ ਬੜਾ ਕੰਮ ਕਰਵਾਇਆ ਪਰ ਕਰਵਾਇਆ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ।
PHOTO
ਇਕ ਐਮਐਲਏ ਦਾ ਕੰਮ ਕਾਰਾਂ ਵਿਚ ਪੁਲਿਸ ਨੂੰ ਲੈ ਕੇ ਘੁੰਮਣਾ ਨਹੀਂ ਹੁੰਦਾ। ਉਸਦਾ ਕੰਮ ਗਲੀਆਂ ਬਣਵਾਉਣਾ, ਸੜਕਾਂ ਬਣਵਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਦਿਨੋ ਦਿਨ ਨਸ਼ਾ ਵੱਧ ਰਿਹਾ ਹੈ। ਹਰ ਘਰ ਦਾ ਨੌਜਵਾਨ ਨਸ਼ਾ ਕਰਦਾ ਹੈ। ਇਲਾਕੇ ਵਿਚ ਚਿੱਟਾ ਸ਼ਰੇਆਮ ਚੱਲਦਾ ਹੈ। ਕੈਪਟਨ ਸਾਬ੍ਹ ਨੇ ਸਹੁੰ ਖਾਧੀ ਸੀ ਕਿ ਨਸ਼ਾ ਹਫ਼ਤੇ ਵਿਚ ਬੰਦ ਕਰ ਦੇਵਾਂਗੇ ਪਰ ਹਜੇ ਤੱਕ ਨਸ਼ਾ ਬੰਦ ਨਹੀਂ ਹੋਇਆ।
PHOTO
ਸਰਕਾਰੀ ਸਕੂਲਾਂ ਦਾ ਵੀ ਮਾੜਾ ਹਾਲ ਹੈ। ਸਕੂਲਾਂ ਵਿਚ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਨਾ ਬੱਚਿਆਂ ਲਈ ਖੇਡਾਂ ਦਾ ਪ੍ਰਬੰਧ ਹੈ। ਬਜ਼ੁਰਗ ਨੇ ਦੱਸਿਆ ਕਿ ਇਥੋਂ ਦਾ ਰਿਪੋਰਟ ਕਾਰਡ ਜ਼ੀਰੋ ਹੈ। ਕੈਪਟਨ ਆਪਣੇ ਸਿਸਵਾ ਫਾਰਮ 'ਤੇ ਹੀ ਆਰਾਮ ਫਰਮਾਉਂਦੇ ਰਹੇ ਤੇ ਅਕਾਲੀ ਦਲ ਨੇ ਸਿੱਖ ਹੋਣ ਤੇ ਨਾਤੇ ਜੋ ਪੰਜਾਬ ਦਾ ਨਾਸ਼ ਕੀਤਾ ਉਹ ਕੋਈ ਵੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਆਪਸ ਵਿਚ ਰਲੇ ਹੋਏ ਹਨ। ਇਹਨਾਂ ਦੋਵਾਂ ਸਰਕਾਰਾਂ ਨੇ ਸਾਨੂੰ ਮਿਲ ਕੇ ਲੁੱਟਿਆ।
PHOTO
ਜ਼ਿਕਰਯੋਗ ਹੈ ਕਿ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਮੁਹਾਲੀ ਅਤੇ ਹੁਸ਼ਿਆਰਪੁਰ ਤੋਂ ਬਾਅਦ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦਾ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਬਟਾਲਾ ਵੀ ਬਠਿੰਡਾ ਤੋਂ ਬਾਅਦ ਸੂਬੇ ਦਾ ਦੂਜਾ ਸਭ ਤੋਂ ਪੁਰਾਣਾ ਸ਼ਹਿਰ ਹੈ।
ਹੁਣ ਤੱਕ ਰਹੇ ਬਟਾਲਾ ਦੇ ਵਿਧਾਇਕ
ਭਾਜਪਾ
ਜਗਦੀਸ਼ ਸਾਹਨੀ
1997 - 2002
ਕਾਂਗਰਸ
ਅਸ਼ਵਨੀ ਸੇਖੜੀ
2002 - 2007
ਭਾਜਪਾ
ਜਗਦੀਸ਼ ਸਾਹਨੀ
2007 - 2012
ਕਾਂਗਰਸ
ਅਸ਼ਵਨੀ ਸੇਖੜੀ
2012 - 2017
ਸ਼੍ਰੋਮਣੀ ਅਕਾਲੀ ਦਲ
ਲਖਬੀਰ ਸਿੰਘ ਲੋਧੀਨੰਗਲ
2017 - 2022
ਵੋਟਾਂ ਦਾ ਕੁਲ ਅੰਕੜਾ
1.83 ਲੱਖ
ਮਰਦ ਵੋਟਰ
97,355
ਮਹਿਲਾ ਵੋਟਰ
85,340