
ਯੋਗੀ ਸਰਕਾਰ ਨੇ ਪੰਜ ਸਾਲਾਂ ਵਿਚ ਸਿਰਫ਼ ਸ਼ਮਸ਼ਾਨ ਬਣਵਾਏ ਅਤੇ ਲੋਕਾਂ ਨੂੰ ਉਥੇ ਪਹੁੰਚਾਇਆ : ਕੇਜਰੀਵਾਲ
ਕਿਹਾ, ਮੈਨੂੰ ਮੌਕਾ ਦਿਉ, ਮੈਂ ਬਣਾਵਾਂਗਾ ਸਕੂਲ ਅਤੇ ਹਸਪਤਾਲ
ਲਖਨਊ, 2 ਜਨਵਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਲਖਨਊ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਦੀ ਯੋਗੀ ਸਰਕਾਰ ਸਮੇਤ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜ ਸਾਲ 'ਚ ਯੋਗੀ ਸਰਕਾਰ ਨੇ ਸਿਰਫ਼ ਸ਼ਮਸ਼ਾਨ ਘਾਟ ਬਣਾਏ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਉਥੇ ਪਹੁੰਚਾਉਣ ਦਾ ਇੰਤਜ਼ਾਮ ਵੀ ਕੀਤਾ | ਕੇਜਰੀਵਾਲ ਨੇ ਇਥੇ ਆਯੋਜਤ ਮਹਾਂਰੈਲੀ 'ਚ ਅਪਣੇ ਸੰਬੋਧਨ ਦੌਰਾਨ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਜੰਮ ਕੇ ਹਮਲੇ ਕੀਤੇ, ਉਥੇ ਹੀ ਪ੍ਰਦੇਸ਼ ਦੀ ਜਨਤਾ ਤੋਂ ਰਾਜ ਦੇ ਸਾਰਥਕ ਵਿਕਾਸ ਲਈ ਆਗਾਮੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇਕ ਵਾਰ ਮੌਕਾ ਦੇਣ ਦੀ ਅਪੀਲ ਵੀ ਕੀਤੀ |
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲ ਇਸ਼ਾਰਾ ਕਰਦੇ ਹੋਏ ਕਿਹਾ ''ਸਾਲ 2017 'ਚ ਭਾਜਪਾ ਦੇ ਸੱਭ ਤੋਂ ਵੱਡੇ ਨੇਤਾ ਨੇ ਕਿਹਾ ਸੀ ਕਿ ਉਤਰ ਪ੍ਰਦੇਸ਼ ਵਿਚ ਕਬਰਸਤਾਨ ਬਣਦੇ ਹਨ ਤਾਂ ਸ਼ਮਸ਼ਾਨ ਵੀ ਬਣਨੇ ਚਾਹੀਦੇ | ਦੁੱਖ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਪਿਛਲੇ ਪੰਜ ਸਾਲਾਂ 'ਚ ਸਿਰਫ਼ ਸ਼ਮਸ਼ਾਨ ਘਾਟ ਹੀ ਬਣਵਾਏ |
ਨਾ ਸਿਰਫ਼ ਸ਼ਮਸ਼ਾਨ ਘਾਟ ਬਣਵਾਏ ਬਲਕਿ
ਕੋਰੋਨਾ ਮਹਾਂਮਾਰੀ ਦੌਰਾਨ ਅਪਣੇ ਖ਼ਰਾਬ ਪ੍ਰਬੰਧਨ ਨਾਲ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਸ਼ਮਸ਼ਾਨ ਘਾਟ ਪਹੁੰਚਾਉਣ ਦਾ ਵੀ ਇੰਤਜ਼ਾਮ ਕੀਤਾ |''
ਉਨ੍ਹਾਂ ਨੇ ਯੋਗੀ ਸਰਕਾਰ 'ਤੇ ਦੋਸ਼ ਲਾਇਆ ''ਜਿਸ ਤਰ੍ਹਾਂ ਕੋਵਿਡ 19 ਮਹਾਂਮਾਰੀ ਦੌਰਾਨ ਯੋਗੀ ਸਰਕਾਰ ਨੇ ਕੋਵਿਡ 19 ਦੇ ਪ੍ਰਬੰਧ ਕੀਤੇ, ਉਸ ਨਾਲ ਪੂਰੀ ਦੁਨੀਆਂ 'ਚ ਉਸ ਦੀ ਥੂ-ਥੂ ਹੋ ਹੁਈ | ਪੂਰੀ ਦੁਨੀਆਂ 'ਚ ਜੇਕਰ ਕੋਈ ਇਕ ਰਾਜ ਹੈ ਜਿਥੇ ਸੱਭ ਤੋਂ ਮਾੜਾ ਕੋਰੋਨਾ ਦਾ ਪ੍ਰਬੰਧ ਹੋਇਆ ਤਾਂ ਉਹ ਉਤਰ ਪ੍ਰਦੇਸ਼ ਹੀ ਹੈ | ਇੰਨਾ ਮਾੜਾ ਪ੍ਰਬੰਧ ਸੀ ਕਿ ਉਸ ਨੂੰ ਲੁਕਾਉਣ ਲਈ ਉਤਰ ਪ੍ਰਦੇਸ਼ ਸਰਕਾਰ ਨੂੰ ਜਨਤਾ ਦੀ ਮਿਹਨਤ ਦੀ ਕਮਾਈ ਦੇ ਕਰੋੜਾਂ ਰੁਪਏ ਫੂਕ ਕੇ ਅਮਰੀਕਾ ਦੀ ਮੈਗਜ਼ੀਨ 'ਚ 10-10 ਸਫ਼ਿਆਂ ਦੇ ਇਸ਼ਤਿਹਾਰ ਦੇਣੇ ਪਏ |''
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ''ਮੈਨੂੰ ਸਕੂਲ ਅਤੇ ਹਸਪਤਾਲ ਬਣਾਉਣੇ ਆਉਂਦੇ ਹਨ | ਦਿੱਲੀ 'ਚ ਬਣਵਾ ਕੇ ਆਇਆ ਹਾਂ | ਉਤਰ ਪ੍ਰਦੇਸ਼ 'ਚ ਵੀ ਬਣਵਾ ਦੇਵਾਂਗਾ | ਵਿਰੋਧੀ ਪਾਰਟੀਆਂ ਨੂੰ ਇਹ ਸੱਭ ਨਹੀਂ ਬਣਾਉਣਾ ਆਉਂਦਾ ਹੈ | ਇਹ ਸਿਰਫ਼ ਕਬਰਸਤਾਨ ਅਤੇ ਸ਼ਮਸ਼ਾਨ ਘਾਟ ਹੀ ਬਣਵਾ ਸਕਤੇ ਹਨ | ਜੇਕਰ ਹੁਣ ਦੇਸ਼ ਨੂੰ ਸਕੂਲ ਅਤੇ ਹਸਪਤਾਲ ਚਾਹੀਦੇ |''
ਕੇਜਰੀਵਾਲ ਨੇ ਕਿਹਾ ਕਿ ਯੋਗੀ ਸਰਕਾਰ ਨੇ ਕਰੋੜਾਂ ਰੁਪਏ ਵਿਗਿਆਪਨ 'ਚ ਫੂਕ ਦਿਤੇ | ਹਾਲ ਇਹ ਹੈ ਕਿ ਦਿੱਲੀ 'ਚ ਯੋਗੀ ਦੇ 850 ਹੋਰਡਿੰਗ ਲੱਗੇ ਹਨ ਅਤੇ ਸਾਡੇ 106 ਲੱਗੇ ਹਨ | ਕਈ ਵਾਰ ਪਤਾ ਨਹੀ ਲਗਦਾ ਕਿ ਉਤਰ ਪ੍ਰਦੇਸ਼ ਦੀ ਚੋਣ ਲੜੇ ਰਹੇ ਹਨ ਜਾਂ ਦਿੱਲੀ ਦੀ | ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫ਼ਤ, 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਲਾਉਣ ਅਤੇ 18 ਸਾਲ ਤੇ ਉਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ-ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਦੇ ਹੋਏ ਜਨਤਾ ਤੋਂ ਆਗਾਮੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ | (ਏਜੰਸੀ)