ਰਾਮ ਜੀ ਸਿਰਫ਼ 9000 ਰੁਪਏ ਤਨਖ਼ਾਹ ਲੈਂਦਾ ਹੈ
ਚੰਡੀਗੜ੍ਹ - ਹਾਲ ਹੀ ਵਿਚ ਰਾਜਸਥਾਨ ਦੀ ਪ੍ਰਿਆ ਸਿੰਘ ਨੇ ਥਾਈਲੈਂਡ ਦੇ ਪੱਟਾਯਾ ਵਿਚ ਹੋਏ 39ਵੇਂ ਅੰਤਰਰਾਸ਼ਟਰੀ ਮਹਿਲਾ ਬਾਡੀ ਬਿਲਡਿੰਗ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਬਾਅਦ ਹੁਣ ਕੁਕੂ ਰਾਮਜੀ ਨੇ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਪੁਰਸ਼ ਵਰਗ ਵਿਚ ਸੋਨ ਤਮਗਾ ਜਿੱਤਿਆ ਹੈ।
53 ਸਾਲਾ ਕੁਕੂ ਰਾਮਜੀ ਇੱਕ ਗਰੀਬ ਦਲਿਤ ਪਰਿਵਾਰ ਤੋਂ ਹੈ। ਉਹ ਸਿਰਫ਼ 9000 ਰੁਪਏ ਵਿਚ ਪਟਿਆਲਾ ਦੀ ਕਚਹਿਰੀ ਵਿਚ ਸਫ਼ਾਈ ਦਾ ਕੰਮ ਕਰਦਾ ਹੈ। ਉਸ ਨੂੰ ਇਹ ਨੌਕਰੀ ਠੇਕਾ ਪ੍ਰਣਾਲੀ ਤਹਿਤ ਮਿਲੀ ਸੀ। ਰਾਮਜੀ ਨੇ ਬਹੁਤ ਸੰਘਰਸ਼ ਕੀਤਾ ਅਤੇ ਬਾਡੀ ਬਿਲਡਿੰਗ ਵਿਚ ਆਪਣਾ ਕਰੀਅਰ ਬਣਾਇਆ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਇਸ ਦੇ ਨਾਲ ਹੀ 53 ਸਾਲ ਦੀ ਉਮਰ 'ਚ ਕੁਕੂ ਰਾਮਜੀ 39ਵੇਂ ਅੰਤਰਰਾਸ਼ਟਰੀ ਪੁਰਸ਼ ਬਾਡੀ ਬਿਲਡਿੰਗ ਮੁਕਾਬਲੇ 'ਚ ਸੋਨ ਤਮਗਾ ਲਿਆ ਕੇ ਦੂਜਿਆਂ ਲਈ ਮਿਸਾਲ ਬਣ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਪਰ ਕੁਕੂ ਰਾਮ ਜੀ ਦਾ ਕਹਿਣਾ ਹੈ ਕਿ ਉਹਨਾਂ ਦਾ ਸਾਰਾ ਬਚਪਨ ਗਰੀਬੀ ਵਿਚ ਗੁਜਰਿਆ ਤੇ ਉਹਨਾਂ ਨੇ ਘਰ ਵਿਚ ਹੀ ਟਰੇਨਿੰਗ ਕੀਤੀ ਤੇ ਅਪਣੀ ਮਿਹਨਤ ਕਰ ਕੇ ਇਹ ਨਾਮ ਕਮਾਇਆ।
ਕੁਕੂ ਰਾਮਜੀ ਦਾ ਕਹਿਣਾ ਹੈ ਕਿ ਉਹ ਮਿਸਟਰ ਪੰਜਾਬ ਵੀ ਰਿਹਾ ਤੇ ਉਸ ਨੇ ਮੁਕਾਬਲੇ ਵਿਚ ਦੋ ਵਾਰ ਦਿ ਗ੍ਰੇਟ ਖਲੀ ਨੂੰ ਵੀ ਹਰਾਇਆ। ਉਸ ਦੇ ਸਮੇਂ ਦੇ ਸਾਰੇ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿਚ ਨੌਕਰੀਆਂ ਮਿਲ ਗਈਆਂ, ਕੁਝ ਕੋਚ ਬਣ ਗਏ ਪਰ ਦਲਿਤ ਹੋਣ ਕਰ ਕੇ ਤੇ ਘੱਟ ਪੜ੍ਹਿਆ-ਲਿਖਿਆ ਹੋਣ ਕਰ ਕੇ ਉਸ ਨੂੰ ਸਰਕਾਰ ਨੇ ਹੋਮ ਗਾਰਡ ਤੱਕ ਦੀ ਨੌਕਰੀ ਨਹੀਂ ਦਿੱਤੀ।