
‘ਅਸੀਂ ਤਾਂ ਕਰਮਾਂ ਵਾਲੇ ਹਾਂ’, ਪੁੱਤ ਦੇ ਸੰਘਰਸ਼ ਬਾਰੇ ਮਾਂ ਨੇ ਕੀਤਾ ਜੀਕਰ
ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਇਕ ਹਾਕੀ ਖਿਡਾਰੀ ਦਾ ਜਿਸ ਨੇ ਆਪਣੇ ਦੇਸ਼ ਤੇ ਮਾਪਿਆਂ ਦਾ ਨਾਂ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਜਿਸ ਨੇ ਆਪਣੇ ਦਮ ’ਤੇ ਕਈ ਟੂਰਨਾਮੈਂਟ ਭਾਰਤ ਨੂੰ ਜਿਤਾਏ ਹਨ। ਜੋ ਹੁਣ ਪੰਜਾਬ ਵਿਚ ਡੀ.ਐਸ.ਪੀ. ਦੇ ਅਹੁਦੇ ’ਤੇ ਵੀ ਡਿਊਟੀ ਨਿਭਾਅ ਰਿਹਾ ਹੈ। ਜਿਸ ਨੂੰ ਅਸੀਂ ਸਰਪੰਚ ਹਰਮਨਪ੍ਰੀਤ ਸਿੰਘ ਦੇ ਨਾਂ ਨਾਲ ਜਾਣਦੇ ਹਾਂ ਤੇ ਪ੍ਰਧਾਨ ਮੰਤਰੀ ਨੇ ਵੀ ਹਰਮਨਪ੍ਰੀਤ ਨੂੰ ਸਰਪੰਚ ਹਰਮਨਪ੍ਰੀਤ ਕਹਿ ਕੇ ਬੁਲਾਇਆ ਸੀ ਤੇ ਕਿਹਾ ਸੀ ਕਿ ਤੂੰ ਸਰਪੰਚ ਬਣਨ ਦੇ ਕਾਬਲ ਹੈ।
Photo
ਰੋਜ਼ਾਨਾ ਸਪੋਕਸਮੈਨ ਦੀ ਟੀਮ ਅੱਜ ਪਿੰਡ ਕੁਮੋਵਾਲ ’ਚ ਹਾਕੀ ਟੀਮ ਦੇ ਕਪਤਾਨ ਸਰਪੰਚ ਹਰਮਨਪ੍ਰੀਤ ਸਿੰਘ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਜਿੱਥੇ ਹਰਮਨਪ੍ਰੀਤ ਸਿੰਘ ਦੀ ਮਾਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੇਠਲੇ ਪੱਧਰ ਤੋਂ ਉੱਠ ਕੇ ਨੈਸ਼ਨਲ ਤੇ ਫਿਰ ਇਨਟਰਨੈਸ਼ਨਲ ਤੱਕ ਖੇਡਣਾ ਹਰ ਇਕ ਖਿਡਾਰੀ ਲਈ ਮਾਣ ਵਾਲੀ ਗੱਲ ਹੁੰਦੀ ਹੈ ਤੇ ਸਾਡੇ ਤੇ ਸਾਡੇ ਪੁੱਤਰ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰ ਰਿਹਾ ਹੈ। ]
ਉਨ੍ਹਾਂ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਉਪਰ ਤਕ ਪਹੁੰਚਣ ਲਈ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਹਰਮਨਪ੍ਰੀਤ ਸਿੰਘ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰ ਕੇ ਇਸ ਮੁਕਾਮ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਦੋ ਵਾਰ ਸਾਡੇ ਬੱਚੇ ਉਲੰਪਿਕ ’ਚ ਜਿੱਤ ਕੇ ਆਏ ਇਹ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੀ ਤਮੰਨਾ ਸੀ ਕਿ ਸਾਡਾ ਬੇਟਾ ਕੋਈ ਚੰਗੀ ਨੌਕਰੀ ਕਰੇ ਤੇ ਹੁਣ ਸਾਡਾ ਬੇਟਾ ਪੰਜਾਬ ’ਚ ਡੀ.ਐਸ.ਪੀ. ਦੇ ਅਹੁਦੇ ’ਤੇ ਵੀ ਸੇਵਾਵਾਂ ਨਿਭਾਅ ਰਿਹਾ ਹੈ, ਜਿਸ ਨਾਲ ਸਾਰਾ ਪਰਿਵਾਰ ਖ਼ੁਸ਼ ਹੈ ਤੇ ਮਾਣ ਮਹਿਸੂਸ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਬੱਚਾ ਚਾਹੇ ਉਹ ਛੋਟਾ ਪੁਰਸਕਾਰ ਜਿੱਤੇ ਜਾਂ ਵੱਡਾ ਤਾਂ ਬੱਚੇ ਦੇ ਮਾਂ-ਬਾਪ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੁਣ ਜਦੋਂ ਸਾਡੇ ਬੇਟੇ ਨੂੰ ਖੇਡ ਪੁਰਸਕਾਰ ਮਿਲਿਆ ਤਾਂ ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਰਮਾਤਮਾ ਦੇ ਸ਼ੁਕਰਗੁਜਾਰ ਹਾਂ ਕਿ ਸਾਡੇ ਬੇਟੇ ਨੇ ਇਕ ਪਿੰਡ ਤੋਂ ਉਠ ਕੇ ਇੰਟਰਨੈਸ਼ਨਲ ਤੱਕ ਖੇਡ ਕੇ ਪੂਰੀ ਦੁਨੀਆਂ ਵਿਚ ਸਾਡੇ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਡੇ ਬੇਟੇ ਨੂੰ ਸਰਪੰਚ ਕਹਿ ਕੇ ਬੁਲਾਇਆ ਇਹ ਵੀ ਬਹੁਤ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਚੰਗੀ ਤਰ੍ਹਾਂ ਪੜ੍ਹਨੋ ਤੇ ਮਿਹਨਤ ਕਰ ਕੇ ਆਪਣੇ ਮਾਂ-ਬਾਪ ਤੇ ਦੇਸ਼ ਦਾ ਨਾਂ ਰੋਸ਼ਨ ਕਰਨ।