
ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਦਰਿਆਵਾਂ ਦੇ ਪ੍ਰਦੂਸ਼ਤ ਹੋਏ ਪਾਣੀ ਸਬੰਧੀ ਮੁੱਖ ਮੰਤਰੀ ਪੰਜਾਬ, ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਮਨੁੱਖੀ ਹੱਕਾਂ ਦੀ ਰਖਵਾਲੀ..
ਕੋਟਕਪੂਰਾ : ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਦਰਿਆਵਾਂ ਦੇ ਪ੍ਰਦੂਸ਼ਤ ਹੋਏ ਪਾਣੀ ਸਬੰਧੀ ਮੁੱਖ ਮੰਤਰੀ ਪੰਜਾਬ, ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਲਿਖਤੀ ਅਤੇ ਜੁਬਾਨੀ ਤੌਰ 'ਤੇ ਕਈ ਵਾਰ ਸੂਚਿਤ ਕੀਤਾ ਕਿ ਗੰਧਲੇ ਪਾਣੀ ਕਾਰਨ ਪੰਜਾਬ ਅਤੇ ਗੁਆਂਢੀ ਸੂਬੇ ਰਾਜਸਥਾਨ ਦੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਰੀਕੇ ਪੱਤਣ ਹੈੱਡ 'ਤੇ ਪੁੱਜ ਕੇ ਮੁਸ਼ਕ ਮਾਰਦੇ ਜ਼ਹਿਰੀਲੇ ਪਾਣੀ ਬਾਰੇ ਜਾਣਕਾਰੀ ਦਿੰਦਿਆਂ ਦਸਿਆ
ਕਿ ਉਨ੍ਹਾਂ ਵਲੋਂ ਬੁੱਢੇ ਨਾਲੇ ਦਾ ਗੰਦਾ ਪਾਣੀ ਦਰਿਆਵਾਂ 'ਚ ਪੈਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਰਾਜਨੀਤਕ, ਗੈਰ ਸਿਆਸੀ, ਸਮਾਜਸੇਵੀ ਸੰਸਥਾਵਾਂ, ਧਾਰਮਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਅਪੀਲਾਂ ਕੀਤੀਆਂ ਕਿ ਉਹ ਮਨੁੱਖਤਾ ਦਾ ਦਰਦ ਸਮਝਦੇ ਹੋਏ ਇਸ ਸਮੱਸਿਆ ਦੇ ਹੱਲ ਲਈ ਮੂਹਰੇ ਆਉਣ ਪਰ ਕੋਈ ਅਸਰ ਨਾ ਹੋਇਆ। ਹੁਣ ਸੁਸਾਇਟੀ ਵਲੋਂ ਇਸ ਮਾਮਲੇ 'ਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਵਕੀਲਾਂ ਦੀ ਰਾਏ ਲਈ ਜਾ ਰਹੀ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਅੱਗੇ ਦਸਿਆ ਕਿ ਪੰਜਾਬ ਵਿਚ ਪੀਣਯੋਗ ਪਾਣੀ ਬਿਲਕੁਲ ਖ਼ਤਮ ਹੋ ਗਿਆ ਹੈ।
ਜੇ ਦਰਿਆਵਾਂ ਦਾ ਪਾਣੀ ਨਾ ਬਚਾਇਆ ਤਾਂ ਆਉਣ ਵਾਲੀ ਨਵੀਂ ਪੀੜ੍ਹੀ ਲਈ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਹੇਗਾ, ਇਸ ਲਈ ਸਿਰਫ਼ ਇਕੋ-ਇਕ ਸਾਧਨ ਹੈ ਦਰਿਆਵਾਂ ਦੇ ਪਾਣੀ ਨੂੰ ਸਾਫ਼-ਸੁਥਰਾ ਰਖਣਾ। ਉਨ੍ਹਾਂ ਦਸਿਆ ਕਿ ਲੁਧਿਆਣੇ ਦੇ ਬੁੱਢੇ ਨਾਲੇ 'ਚ ਪੈ ਰਿਹਾ ਫ਼ੈਕਟਰੀਆਂ, ਕਾਰਖ਼ਾਨਿਆਂ ਅਤੇ ਹੋਰ ਉਦਯੋਗਾਂ ਦਾ ਗੰਦਾ ਪਾਣੀ ਸਤਲੁਜ ਦਰਿਆ 'ਚ ਆ ਕੇ ਰਲਦਾ ਹੈ, ਜਿਸ ਕਰ ਕੇ ਕੈਂਸਰ, ਚਮੜੀ ਰੋਗ, ਕਾਲਾ ਪੀਲੀਆ, ਪੇਟ ਰੋਗ ਆਦਿ ਭਿਆਨਕ ਬੀਮਾਰੀਆਂ
ਇਸ ਪਾਣੀ ਨਾਲ ਪੈਦਾ ਹੋ ਰਹੀਆਂ ਹਨ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਭਾਵੇਂ ਹੁਣ ਤਕ ਇਹ ਪਾਣੀ ਬੁੱਢੇ ਨਾਲੇ ਤਕ ਹੀ ਸੀਮਤ ਸੀ ਪਰ ਹੁਣ ਇਹ ਪਾਣੀ ਨਹਿਰਾਂ 'ਚ ਘੁੱਲ ਰਿਹਾ ਹੈ। ਜਿਥੇ ਮਾਲਵੇ 'ਚ ਫ਼ਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ ਸਮੇਤ ਰਾਜਸਥਾਨ ਵਾਲੇ ਲੋਕ ਇਸ ਪਾਣੀ ਨੂੰ ਵਰਤਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਉਠਾਉਣਗੇ।