
ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਟਿੱਪਣੀ ਕਰਦੇ ਹੋਏ ਨਿੰਦਾ ਕੀਤੀ ਅਤੇ ਇਸਨੂੰ ਨਵੀਂ ਦਿੱਲੀ ਤੋਂ ਆਯਾਤ ਕੀਤੇ ਗਏ ਆਪਣੇ ਅਖੌਤੀ "ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ।
"ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਆਪ ਦੇ ਦਾਅਵਿਆਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਗਿਆ ਹੈ। ਹਕੀਕਤ ਵਿੱਚ ਇਹ ਇੱਕ ਢਹਿ-ਢੇਰੀ ਹੋ ਰਹੀ ਸਿੱਖਿਆ ਪ੍ਰਣਾਲੀ ਹੈ ਜਿਸਨੇ ਪੰਜਾਬ ਦੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਸਰੋਤਾਂ ਤੋਂ ਵਾਂਝੇ ਕਰ ਦਿੱਤਾ ਹੈ," ਵੜਿੰਗ ਨੇ ਕਿਹਾ। ਹੈਰਾਨ ਕਰਨ ਵਾਲੇ ਅੰਕੜਿਆਂ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਦੇ 44% ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਘਾਟ ਹੈ, 1,927 ਵਿੱਚੋਂ 856 ਸਕੂਲਾਂ ਵਿੱਚ ਨਿਯਮਤ ਮੁਖੀ ਨਹੀਂ ਹਨ। "ਇਸ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕੀਤੇ ਪਰ ਖਾਲੀ ਇਸ਼ਤਿਹਾਰਾਂ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਹ ਸੁਧਾਰ ਕਿੱਥੇ ਹਨ ਜਿਨ੍ਹਾਂ ਬਾਰੇ ਉਹ ਸ਼ੇਖੀ ਮਾਰਦੇ ਸਨ?" ਪੀਪੀਸੀਸੀ ਮੁਖੀ ਨੇ ਸਵਾਲ ਕੀਤਾ।
ਲੁਧਿਆਣਾ, ਬਠਿੰਡਾ ਅਤੇ ਜਲੰਧਰ ਵਰਗੇ ਜ਼ਿਲ੍ਹਿਆਂ ਦੇ ਸਕੂਲ ਲੀਡਰਸ਼ਿਪ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ, 10 ਜ਼ਿਲ੍ਹਿਆਂ ਅਤੇ 27 ਸਿੱਖਿਆ ਬਲਾਕਾਂ ਦੇ 50% ਤੋਂ ਵੱਧ ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਕੰਮ ਕਰ ਰਹੇ ਹਨ। ਪੀਪੀਸੀਸੀ ਮੁਖੀ ਨੇ 'ਆਪ' ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੇ ਝੂਠੇ ਭਰੋਸੇ ਲਈ ਵੀ ਝਾੜ ਪਾਈ।
"ਪ੍ਰਿੰਸੀਪਲਾਂ ਦੀ ਘਾਟ ਤੋਂ ਇਲਾਵਾ ਪੰਜਾਬ ਭਰ ਵਿੱਚ 8,000 ਤੋਂ ਵੱਧ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ, ਜੋ ਇੱਕ ਗੰਭੀਰ ਸਵਾਲ ਖੜ੍ਹਾ ਕਰਦਾ ਹੈ, ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਵਚਨਬੱਧਤਾ ਕਿੱਥੇ ਹੈ?" ਉਨ੍ਹਾਂ ਪੁੱਛਿਆ। ਉਨ੍ਹਾਂ ਨੇ ਪੇਂਡੂ ਅਸਾਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਵਿੱਦਿਅਕ ਬੁਨਿਆਦੀ ਢਾਂਚੇ ਦੇ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਲਈ ਸਰਕਾਰ ਦੀ ਨਿੰਦਾ ਕੀਤੀ।
“ਆਪ ਸਰਕਾਰ ਪੰਜਾਬ ਦੇ ਵਧਦੇ ਮੁੱਦਿਆਂ ਨੂੰ ਹੱਲ ਕਰਨ ਨਾਲੋਂ ਦਿੱਲੀ ਚੋਣ ਮੁਹਿੰਮ ਦੇ ਪ੍ਰਬੰਧਨ ਵਿੱਚ ਵਧੇਰੇ ਦਿਲਚਸਪੀ ਰੱਖਦੀ ਹੈ। ਇਹ ਸ਼ਰਮਨਾਕ ਹੈ ਕਿ ਆਪ ਪੰਜਾਬ ਦੀ ਪੂਰੀ ਲੀਡਰਸ਼ਿਪ ਦਿੱਲੀ ਵਿੱਚ ਡੇਰਾ ਲਾਈ ਬੈਠੀ ਹੈ ਜਦੋਂ ਕਿ ਸਾਡੇ ਸੂਬੇ ਦੇ ਬੱਚੇ ਅਤੇ ਸਿੱਖਿਅਕ ਦੁੱਖ ਝੱਲ ਰਹੇ ਹਨ,” ਵੜਿੰਗ ਨੇ ਕਿਹਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮਾਨਸਾ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਦੇ ਸਕੂਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਇਕੱਲੇ ਮਾਨਸਾ ਵਿੱਚ 82 ਸਕੂਲ ਮੁਖੀਆਂ ਤੋਂ ਰਹਿਤ ਹਨ। “ਆਪ ਦੇ ਸਿੱਖਿਆ ਮਾਡਲ ਨੇ ਪੰਜਾਬ ਦੇ ਸਕੂਲਾਂ ਨੂੰ ਸਿੱਧੇ ਤੌਰ ‘ਤੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਦੀ ਲਾਪਰਵਾਹੀ ਅਪਰਾਧਿਕ ਹੈ ਅਤੇ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਅਪਮਾਨ ਹੈ,” ਉਨ੍ਹਾਂ ਨੇ ਕਿਹਾ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਚੇਤਾਵਨੀ ਦੇ ਨਾਲ ਬਿਆਨ ਦੀ ਸਮਾਪਤੀ ਕਰਦੇ ਹੋਏ ਕਿਹਾ "ਪੰਜਾਬ ਦੇ ਲੋਕ ਇਸ ਵਿਸ਼ਵਾਸਘਾਤ ਨੂੰ ਮੁਆਫ਼ ਨਹੀਂ ਕਰਨਗੇ। 'ਆਪ' ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਤਬਾਹੀ ਮਚਾਈ ਹੈ। ਜੇਕਰ ਉਹ ਸ਼ਾਸਨ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਲਈ ਪਾਸੇ ਹੋ ਜਾਣਾ ਚਾਹੀਦਾ ਹੈ ਜੋ ਸੱਚਮੁੱਚ ਪੰਜਾਬ ਅਤੇ ਇਸਦੇ ਭਵਿੱਖ ਦੀ ਪਰਵਾਹ ਕਰਦੇ ਹਨ।"