
ਕੈਨੇਡਾ ਦੇ ਬਰੈਂਪਟਨ ’ਚ ਗੁਰਦਵਾਰੇ ਦੇ ਬਾਹਰ ਕੱਟੜਵਾਦੀਆਂ ਵਲੋਂ ਪ੍ਰਦਰਸ਼ਨ ਕਰਨਾ ਨਾ-ਬਰਦਾਸ਼ਤਯੋਗ : ਮਨਜਿੰਦਰ ਸਿੰਘ ਸਿਰਸਾ
ਸਿਰਸਾ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਤੋਂ ਤੁਰਤ ਦਖ਼ਲ ਮੰਗਿਆ
ਨਵੀਂ ਦਿੱਲੀ, 2 ਮਾਰਚ (ਸੁਖਰਾਜ ਸਿੰਘ): ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਗੁਰਦਵਾਰਾ ਸਾਹਿਬ ਦੇ ਬਾਹਰ ਕੁੱਝ ਕੱਟੜਵਾਦੀਆਂ ਵਲੋਂ ਪ੍ਰਦਰਸ਼ਨ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਦਾ ਤੁਰਤ ਦਖ਼ਲ ਮੰਗਿਆ ਹੈ।
ਸ. ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਦਿੱਲੀ ਵਿਚ ਚਾਂਦਨੀ ਚੌਕ ਵਿਖੇ ਸਥਿਤ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਗੁਰਦਵਾਰਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਨੁੂੰ ਅਲੱਗ-ਥਲੱਗ ਕਰਨ ਤੇ ਉਨ੍ਹਾਂ ਵਿਰੁਧ ਫ਼ਿਰਕੂ ਨਫ਼ਰਤ ਫੈਲਾਉਣ ਦੀ ਵੱਡੀ ਸਾਜ਼ਸ਼ ਹੈ।
ਉਨ੍ਹਾਂ ਕਿਹਾ ਕਿ ਅਸੀਂ ਅਜਿਹੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹਾਂ ਭਾਵੇਂ ਉਹ ਭਾਰਤ ਵਿਚ ਵਾਪਰਨ ਜਾਂ ਫਿਰ ਕੈਨੇਡਾ ਵਿਚ ਕਿਉਂਕਿ ਇਹ ਘੱਟ ਗਿਣਤੀ ਸਿੱਖਾਂ ਲਈ ਖ਼ਤਰਾ ਹਨ। ਉਨ੍ਹਾਂ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਤੁਰਤ ਅਪਣੇ ਕੈਨੇਡਾ ਦੇ ਹਮਰੁਤਬਾ ਕੋਲ ਚੁਕਣ ਤੇ ਕੈਨੇਡਾ ਵਿਚ ਸੁਰੱਖਿਆ ਯਕੀਨੀ ਬਣਾਉਣ ’ਤੇ ਵੀ ਚਰਚਾ ਕਰਨ।