
ਨਿਊਜ਼ੀਲੈਂਡ ’ਚ ਭੜਕਿਆ ਦੰਗਾ, ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
ਵੈਲਿੰਗਟਨ, 2 ਮਾਰਚ : ਨਿਊਜ਼ੀਲੈਂਡ ਵਿਚ ਕੋਵਿਡ-19 ਪਾਬੰਦੀਆਂ ਵਿਰੁਧ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਬੁੱਧਵਾਰ ਨੂੰ ਦੰਗਾ ਪੁਲਸ ਦੀ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਮਿਰਚ ਸਪਰੇਅ ਦੀ ਵਰਤੋਂ ਕੀਤੀ ਅਤੇ ਦਰਜਨਾਂ ਗ੍ਰਿਫ਼ਤਾਰੀਆਂ ਕੀਤੀਆਂ ਕਿਉਂਕਿ ਉਹ ਕੋਰੋਨਾ ਵਾਇਰਸ ਪਾਬੰਦੀਆਂ ਵਿਰੁਧ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਅੱਗੇ ਵਧੇ।
ਸੈਂਕੜੇ ਅਧਿਕਾਰੀ ਸਵੇਰ ਤੋਂ ਪਹਿਲਾਂ ਵੈਲਿੰਗਟਨ ਦੀਆਂ ਸੜਕਾਂ ’ਤੇ ਸੰਸਦ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਖਾਲੀ ਕਰਾਉਣ ਲਈ ਨਿਕਲੇ, ਜਿਸ ਨੂੰ ਪ੍ਰਦਰਸ਼ਨਕਾਰੀਆਂ ਦੇ ਵਾਹਨਾਂ ਦੁਆਰਾ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬੰਦ ਕੀਤਾ ਗਿਆ ਹੈ। ਪੁਲਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਵਲ ਵਧੇ, ਉਨ੍ਹਾਂ ਟੈਂਟਾਂ ਨੂੰ ਉਖਾੜ ਦਿਤਾ। ਉਨ੍ਹਾਂ ਕਾਰਾਂ ਅਤੇ ਕੈਂਪਰਵੈਨਾਂ ਨੂੰ ਵਾਹਨ ਟਰਾਂਸਪੋਰਟਰਾਂ ਤਕ ਪਹੁੰਚਾਉਣ ਲਈ ਇਕ ਵੱਡੀ ਫ਼ੋਰਕਲਿਫ਼ਟ ਤਾਇਨਾਤ ਕੀਤੀ।
ਜਦੋਂ ਪੁਲਿਸ ਨੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਮਿਰਚਾਂ ਦਾ ਛਿੜਕਾਅ ਕੀਤਾ ਗਿਆ ਤਾਂ ਦੋਹਾਂ ਧਿਰਾ ਵਿਚਾਲੇ ਲੜਾਈ ਹੋ ਗਈ। ਕਮਿਸ਼ਨਰ ਐਂਡਰਿਊ ਕੋਸਟਰ ਨੇ ਕਿਹਾ ਕਿ ਤਿੰਨ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ 36 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਫ਼ੋਰਸ ਨੇ ਵੈਲਿੰਗਟਨ ਨਿਵਾਸੀਆਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਖੇਤਰ ਤੋਂ ਦੂਰ ਰਹਿਣ ਦੀ ਚੇਤਾਵਨੀ ਦਿਤੀ ਹੈ। (ਏਜੰਸੀ)