
ਰਾਸ਼ਟਰਪਤੀ ਬਾਈਡੇਨ ਦੀ ਭਾਸ਼ਣ ਦੌਰਾਨ ਫਿਸਲੀ ਜ਼ੁਬਾਨ, ‘ਯੂਕਰੇਨੀਅਨ’ ਨੂੰ ਕਿਹਾ ‘ਇਰਾਨੀ’
ਵਾਸ਼ਿੰਗਟਨ, 2 ਮਾਰਚ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਪੂਰੀ ਦੁਨੀਆਂ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖ਼ਤਰਨਾਕ ਪੜਾਅ ’ਤੇ ਪਹੁੰਚ ਚੁਕੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੌਰਾਨ ਕਿਹਾ ਕਿ ਰੂਸ ਨੇ ਯੂਕਰੇਨ ਨਾਲ ਜੰਗ ਛੇੜ ਕੇ ਵੱਡੀ ਗ਼ਲਤੀ ਕੀਤੀ ਹੈ। ਇਹ ਕਹਿੰਦਿਆਂ ਉਨ੍ਹਾਂ ਦੀ ਜੀਭ ਤਿਲਕ ਗਈ ਤੇ ਗ਼ਲਤੀ ਨਾਲ ਯੂਕਰੇਨੀਆਂ ਨੂੰ ‘ਇਰਾਨੀ ਲੋਕ’ ਕਹਿ ਕੇ ਸੰਬੋਧਿਤ ਕਰ ਦਿਤਾ।
‘ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਨਹੀਂ ਜਿੱਤ ਸਕਣਗੇ,” ਰਾਸ਼ਟਰਪਤੀ ਬਾਇਡਨ ਨੇ ਅਪਣੇ ਸਟੇਟ ਆਫ਼ ਦਿ ਯੂਨੀਅਨ ਭਾਸ਼ਣ ਦੌਰਾਨ ਕਿਹਾ, ਰੂਸੀ ਹਮਲੇ ਵਿਰੁਧ ਇਕਜੁਟ ਮੋਰਚੇ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਨੇ ਇਕ ਭਾਵਨਾਤਮਕ ਅਪੀਲ ਵੀ ਕੀਤੀ। ਰਾਸ਼ਟਰਪਤੀ ਬਾਇਡਨ ਦੇ ਭਾਸ਼ਣ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲੀ ਤੇ ਹੁਣ ਉਹ ਇਸ ਕਰ ਕੇ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਹੇ ਹਨ, ਜਿਸ ’ਚ ਰਾਸ਼ਟਰਪਤੀ ਬਾਇਡਨ ‘ਇਰਾਨੀ’ ਸ਼ਬਦ ਨਾਲ ਟ੍ਰੈਂਡ ਕਰ ਰਹੇ ਹਨ।
ਇਸੇ ਦੌਰਾਨ ਅਪਣੇ ਭਾਸ਼ਣ ’ਚ ਰਾਸ਼ਟਰਪਤੀ ਬਾਇਡਨ ਨੇ ਦੁਹਰਾਇਆ ਹੈ ਕਿ ਉਨ੍ਹਾਂ ਦਾ ਦੇਸ਼ ਯੂਕਰੇਨ ਵਿਚ ਰੂਸੀ ਫ਼ੌਜਾਂ ਵਿਰੁਧ ਫ਼ੌਜਾਂ ਦੀ ਤਾਇਨਾਤੀ ਨਹੀਂ ਕਰੇਗਾ। ਯੂਕਰੇਨ ਵਿਚ ਰੂਸ ਦੇ ਯੋਜਨਾਬੱਧ ਹਮਲੇ ਦੀ ਵੀ ਨਿੰਦਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਆਜ਼ਾਦ ਸੰਸਾਰ ਦੀ ਨੀਂਹ ਨੂੰ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। (ਏਜੰਸੀ)