
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ
ਮੀਟਿੰਗ ਕਰਨ ਤੋਂ ਬਾਅਦ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਦਿਤਾ ਮੰਗ ਪੱਤਰ
ਚੰਡੀਗੜ੍ਹ, 2 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਕਾਂਗਰਸ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਅੱਜ ਨਵੀਂ ਦਿੱਲੀ ਵਿਖੇ ਇਕ ਮੀਟਿੰਗ ਕਰ ਕੇ ਯੂਕਰੇਨ ਵਿਖੇ ਯੁੱਧ ਦੀ ਮਾਰ ਝੱਲ ਰਹੇ ਸੈਂਕੜੇ ਵਿਦਿਆਰਥੀਆਂ ਜਿਨ੍ਹਾਂ ਵਿਚ ਪੰਜਾਬ ਦੇ ਵਿਦਿਆਰਥੀ ਵੀ ਸ਼ਾਮਲ ਹਨ, ਦੀ ਹਾਲਤ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ |
ਮੀਟਿੰਗ ਤੋਂ ਬਾਅਦ ਸੰਸਦ ਮੈਂਬਰਾਂ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ | ਇਸ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਖ਼ਾਸ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਨੇ ਖਾਰਕੀਵ ਵਿਚ ਫਸੇ ਵਿਦਿਆਰਥੀਆਂ 'ਤੇ ਵਿਸ਼ੇਸ਼ ਜ਼ੋਰ ਦੇਣ ਦੀ ਅਪੀਲ ਕੀਤੀ | ਕੇਂਦਰੀ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਤਾ ਕਿ ਸਰਕਾਰ ਯੂਕਰੇਨ ਵਿਚ ਭਾਰਤੀਆਂ ਦੀ ਸੁਰੱਖਿਆ ਅਤੇ ਨਿਕਾਸੀ ਲਈ ਹਰ ਕਦਮ ਚੁਕ ਰਹੀ ਹੈ | ਉਨ੍ਹਾਂ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ 1 ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ | ਭਾਰਤੀਆਂ 'ਤੇ ਯੂਕਰੇਨ ਦੀ ਪੁਲਿਸ ਦੀ ਬੇਰਹਿਮੀ ਨੂੰ ਹਰ ਕੀਮਤ 'ਤੇ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਲੜਕੀਆਂ ਨੂੰ ਕੁੱਟਣ ਅਤੇ ਅਗ਼ਵਾ ਕੀਤੇ ਜਾਣ ਦੀਆਂ ਇਹ ਪ੍ਰੇਸ਼ਾਨ ਕਰਨ ਵਾਲੀਆਂ ਵੀਡੀਉਜ਼ ਨੇ ਹਰ ਭਾਰਤੀ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ | ਉਨ੍ਹਾਂ ਪੰਜਾਬ ਦੇ ਫਸੇ ਲੋਕਾਂ/ਵਿਦਿਆਰਥੀਆਂ ਦੀ ਸੂਚੀ ਵੀ ਮੰਤਰੀ ਨੂੰ ਸੌਂਪੀ | ਵਿਦੇਸ਼ ਰਾਜ ਮੰਤਰੀ ਲੇਖੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਯੂਕਰੇਨ ਵਿਚ ਸਾਰੇ ਭਾਰਤੀਆਂ ਦੀ ਸੁਰੱਖਿਆ ਅਤੇ ਨਿਕਾਸੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ |
ਦੋ ਭਾਰਤੀ ਵਿਦਿਆਰਥੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਬਾਕੀ ਵੀ ਖ਼ਤਰੇ ਦਾ ਵੱਡਾ ਸਾਹਮਣਾ ਕਰ ਰਹੇ ਹਨ | ਮੰਗ ਪੱਤਰ ਦੇਣ ਵਾਲੇ ਸੰਸਦ ਮੈਂਬਰਾਂ ਵਿਚ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਜਸਬੀਰ ਸਿੰਘ ਡਿੰਪਾ, ਮਨੀਸ਼ ਤਿਵਾੜੀ, ਸੰਤੋਖ ਸਿੰਘ ਚੌਧਰੀ ਸ਼ਾਮਲ ਸਨ | ਮੰਗ ਪੱਤਰ ਵਿਚ ਇਸ ਗੱਲ ਦਾ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਖਾਰਕੀਵ ਸ਼ਹਿਰ ਵਿਚ ਬਹੁਤੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਅਤੇ ਇਹ ਸ਼ਹਿਰ ਪੋਲੈਂਡ ਤੇ ਰੋਮਾਨੀਆ ਬਾਰਡਰ ਤੋਂ 1600 ਕਿਲੋਮੀਅਰ ਦੂਰ ਹੈ | ਵਰ੍ਹਦੇ ਗੋਲਿਆਂ ਵਿਚ ਇੰਨੀ ਦੂਰ ਵਿਦਿਆਰਥੀ ਕਿਵੇਂ ਪਹੁੰਚ ਸਕਦੇ ਹਨ | ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਯੂਕਰੇਨ ਤੇ ਰੂਸ ਦੇ ਦੂਤਾਵਾਸਾਂ ਨਾਲ ਗੱਲ ਕਰ ਕੇ ਕੋਈ ਪ੍ਰਬੰਧ ਕਰਨੇ ਚਾਹੀਦੇ ਹਨ | ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਵੀ ਚਰਚਾ ਦੌਰਾਨ ਚੁੱਕੇ ਜਾ ਰਹੇ ਕਦਮਾਂ 'ਤੇ ਅਸੰਤੁਸ਼ਅੀ ਪ੍ਰਗਟ ਕੀਤੀ ਗਈ | ਭਾਰਤੀ ਦੂਤਾਵਾਸਾਂ ਦੀ ਭੂਮਿਕਾ ਦੀ ਢਿੱਲਮੱਠ ਬਾਰੇ ਵੀ ਗੱਲ ਕਰਦਿਆਂ ਕੇਂਦਰ ਸਰਕਾਰ ਤੋਂ ਬਿਨਾਂ ਦੇਰੀ ਭਾਰਤੀਆਂ ਦੀ ਵਾਪਸੀ ਲਈ ਖ਼ਾਸ ਪ੍ਰਬੰਧ ਕਰਨ 'ਤੇ ਜ਼ੋਰ ਦਿਤਾ ਗਿਆ |