
ਯੂਕਰੇਨ ਨਾਲ ਦੁਬਾਰਾ ਗੱਲਬਾਤ ਲਈ ਤਿਆਰ ਹੋਇਆ ਰੂਸ
ਹੁਣ ਤਕ ਯੂਕਰੇਨ ਵਿਚ 6,000 ਰੂਸੀ ਫ਼ੌਜੀ ਮਾਰੇ ਗਏ : ਜੈਲੇਂਸਕੀ
ਮਾਸਕੋ, 2 ਮਾਰਚ : ਕ੍ਰੇਮਲਿਨ ਦੇ ਇਕ ਬੁਲਾਰੇ ਨੇ ਦਸਿਆ ਕਿ ਯੂਕਰੇਨ ਵਿਚ ਜਾਰੀ ਜੰਗ ਬਾਰੇ ਯੂਕਰੇਨੀ ਅਧਿਕਾਰੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਰੂਸ ਦਾ ਇਕ ਵਫ਼ਦ ਬੁਧਵਾਰ ਸ਼ਾਮ ਨੂੰ ਤਿਆਰ ਹੈ | ਬੁਲਾਰੇ ਦਮਿਤਰੀ ਪੇਸਕੋਵ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਮ ਨੂੰ ਸਾਡਾ ਵਫ਼ਦ ਯੂਕਰੇਨ ਦੇ ਵਾਰਤਾਕਾਰਾਂ ਦੀ ਉਡੀਕ ਕਰਨ ਲਈ ਮੌਜੂਦ ਹੋਵੇਗਾ | ਫ਼ਿਲਹਾਲ ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਗੱਲਬਾਤ ਕਿਥੇ ਹੋ ਸਕਦੀ ਹੈ |
ਉਧਰ ਯੂਕਰੇਨ ਦੇ ਅਧਿਕਾਰੀਆਂ ਨੇ ਤੁਰੰਤ ਅਪਣੀਆਂ ਯੋਜਨਾਵਾਂ ਬਾਰੇ ਤੁਰਤ ਕੋਈ ਵੇਰਵਾ ਨਹੀਂ ਦਿਤਾ | ਰੂਸ-ਯੂਕਰੇਨ ਯੁੱਧ ਨੂੰ ਸੁਲਝਾਉਣ ਲਈ ਗੱਲਬਾਤ ਦਾ ਪਹਿਲਾ ਦੌਰ ਪਿਛਲੇ ਐਤਵਾਰ ਨੂੰ ਬੇਲਾਰੂਸ-ਯੂਕਰੇਨ ਸਰਹੱਦ ਨੇੜੇ ਹੋਇਆ ਸੀ | ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਹਾਲਾਂਕਿ ਦੋਵੇਂ ਧਿਰਾਂ ਦੁਬਾਰਾ ਮਿਲਣ ਲਈ ਸਹਿਮਤ ਹੋਈਆਂ ਸਨ | ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਨਸਕੀ ਨੇ ਰੂਸ 'ਤੇ ਦੋਸ਼ ਲਗਾਇਆ ਕਿ ਉਹ ਅਪਣਾ ਹਮਲਾ ਜਾਰੀ ਰਖਦੇ ਹੋਏ ਉਨ੍ਹਾਂ ਨੂੰ ਰਿਆਇਤਾਂ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ |
ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰੂਸੀ ਫ਼ੌਜ ਦੇ ਹਮਲੇ ਤੋਂ ਬਾਅਦ ਹੁਣ ਤਕ ਯੂਕਰੇਨ ਵਿਚ ਲਗਭਗ 6,000 ਰੂਸੀ ਫ਼ੌਜੀ ਮਾਰੇ ਗਏ ਹਨ | ਉਨ੍ਹਾਂ ਅਪਣੇ ਫ਼ੇਸਬੁੱਕ ਪੇਜ 'ਤੇ ਇਕ ਵੀਡੀਉ ਸਾਂਝੀ ਕਰਦੇ ਹੋਏ ਕਿਹਾ, 'ਇਸ ਗਿਣਤੀ ਬਾਰੇ ਸੋਚੋ: ਲਗਭਗ 6 ਹਜ਼ਾਰ ਰੂਸੀ ਸੈਨਿਕ ਮਾਰੇ ਗਏ ਹਨ | ਕਿਉਂ? ਯੂਕਰੇਨ ਲਈ? ਇਹ ਅਸੰਭਵ ਹੈ |' ਇਸ ਤੋਂ ਪਹਿਲਾਂ ਯੂਕਰੇਨ ਦੇ ਫ਼ੌਜ ਮੁਖੀ ਨੇ ਕਿਹਾ ਸੀ ਕਿ ਲਗਭਗ 5840 ਰੂਸੀ ਫ਼ੌਜੀ ਮਾਰੇ ਗਏ ਹਨ | ਇਸ ਤੋਂ ਇਲਾਵਾ 221 ਟੈਂਕ, 31 ਹੈਲੀਕਾਪਟਰ, 30 ਏਅਰਕ੍ਰਾਫਟ,
85 ਤੋਪਖਾਨੇ, 862 ਬਖਤਰਬੰਦ ਕੈਰੀਅਰ, 355 ਵਾਹਨ, 60 ਫਿਊਲ ਟੈਂਕ, 40 ਰਾਕੇਟ ਲਾਂਚਰ ਅਤੇ 9 ਐਂਟੀ-ਏਅਰਕ੍ਰਾਫਟ ਸਿਸਟਮ ਨੂੰ ਡੇਗਿਆ ਗਿਆ ਹੈ |
ਰਾਸ਼ਟਰਪਤੀ ਜੇਲੇਂਸਕੀ ਨੇ ਰੂਸੀ ਹਮਲੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਰੂਸੀ ਫ਼ੌਜ ਨੂੰ ਵੱਡੀ ਗਿਣਤੀ ਵਿਚ ਯੂਕਰੇਨੀ ਲੜਾਕਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ, 'ਇਸ ਸਥਿਤੀ ਨੂੰ ਮਿਜ਼ਾਈਲਾਂ, ਬੰਬਾਂ, ਟੈਂਕਾਂ ਅਤੇ ਹੋਰ ਹਮਲਿਆਂ ਨਾਲ ਨਹੀਂ ਬਦਲਿਆ ਜਾ ਸਕਦਾ | ਅਸੀਂ ਅਪਣੀ ਜਨਮ ਭੂਮੀ ਵਿਚ ਹਾਂ, ਅਤੇ ਇਸ ਲਈ ਲੜ ਰਹੇ ਹਾਂ | ਯੂਕਰੇਨ ਦੇ ਲੋਕੋ, ਅੱਜ ਤੁਸੀਂ ਅਜੇਤੂ ਹੋਣ ਦਾ ਪ੍ਰਤੀਕ ਬਣ ਗਏ ਹੋ | ਤੁਸੀਂ ਇਸ ਤਥ ਦੇ ਪ੍ਰਤੀਕ ਹੋ ਕਿ ਕਿਸੇ ਵੀ ਦੇਸ਼ ਦੇ ਲੋਕ ਕਿਸੇ ਵੀ ਸਮੇਂ ਧਰਤੀ 'ਤੇ ਸੱਭ ਤੋਂ ਵਧੀਆ ਲੋਕ ਬਣ ਸਕਦੇ ਹਨ |' ਉਨ੍ਹਾਂ ਕਿਹਾ, 'ਮੈਂ ਤੁਹਾਡੀ ਸੱਭ ਦੀ ਪ੍ਰਸ਼ੰਸਾ ਕਰਦਾ ਹਾਂ, ਹਾਲੀਵੁਡ ਤੋਂ ਲੈ ਕੇ ਸਿਆਸਤਦਾਨਾਂ ਤਕ ਪੂਰੀ ਦੁਨੀਆਂ ਤੁਹਾਡੀ ਤਾਰੀਫ਼ ਕਰ ਰਹੀ ਹੈ |'
ਯੂਕਰੇਨ ਦੀ ਫ਼ੌਜ ਨੇ ਰੂਸੀ ਹਮਲੇ ਦੇ 7ਵੇਂ ਦਿਨ ਬੁਧਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਹਰ ਦਿਸ਼ਾ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਵਿਚ ਯੂਕਰੇਨ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ | ਰਿਪੋਰਟ ਮੁਤਾਬਕ ਮੰਗਲਵਾਰ ਨੂੰ 600 ਯੂਕਰੇਨੀ ਫ਼ੌਜੀ ਮਾਰੇ ਗਏ | ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਪੁਲਿਸ ਮੁੱਖ ਦਫ਼ਤਰ 'ਤੇ ਰਾਕੇਟ ਹਮਲਾ ਹੋਇਆ ਹੈ, ਜਿਸ ਵਿਚ ਇਕ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ |
ਯੂਕਰੇਨ ਦੇ ਗ੍ਰਹਿ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸੈਂਕੋ ਦੇ ਹਵਾਲੇ ਨਾਲ ਬੀ.ਬੀ.ਸੀ. ਨੇ ਕਿਹਾ ਕਿ ਹਮਲੇ ਤੋਂ ਬਾਅਦ ਕਰਾਜ਼ਿਨ ਨੈਸਨਲ ਯੂਨੀਵਰਸਿਟੀ ਦੀ ਇਮਾਰਤ ਨੂੰ ਵੀ ਅੱਗ ਲੱਗ ਗਈ ਹੈ | ਸ਼ਹਿਰ ਦੇ ਮੇਅਰ ਨੇ ਕਿਹਾ ਕਿ ਰੂਸੀ ਗੋਲਾਬਾਰੀ 'ਚ ਘੱਟੋ-ਘੱਟ 21 ਲੋਕ ਮਾਰੇ ਗਏ ਅਤੇ 112 ਜ਼ਖ਼ਮੀ ਹੋ ਗਏ ਹਨ | ਇਸ ਦੇ ਨਾਲ ਹੀ, ਯੂਕਰੇਨ ਦੇ ਗ੍ਰਹਿ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਕੀਵ ਤੋਂ 120 ਕਿਲੋਮੀਟਰ ਦੂਰ ਜਾਇਟੋਮੀਰ ਸ਼ਹਿਰ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ ਹਨ | (ਏਜੰਸੀ)