
ਰੂਸ ਦੇ ਵਿਦੇਸ਼ ਮੰਤਰੀ ਦੀ ਧਮਕੀ 'ਤੀਜਾ ਵਿਸ਼ਵ ਯੁੱਧ ਵਿਨਾਸ਼ਕਾਰੀ ਅਤੇ ਪ੍ਰਮਾਣੂ ਯੁੱਧ ਹੋਵੇਗਾ'
ਮਾਸਕੋ, 2 ਮਾਰਚ : ਯੂਕਰੇਨ ਅਤੇ ਰੂਸ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ | ਇਹ ਜੰਗ ਬੁਧਵਾਰ ਨੂੰ ਸੱਤਵੇਂ ਦਿਨ ਵਿਚ ਪਹੁੰਚ ਗਈ | ਇਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਸ਼ਾਰੇ ਇਸ਼ਾਰੇ ਵਿਚ ਕਿਹਾ ਕਿ ''ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਪ੍ਰਮਾਣੂ ਹਥਿਆਰ ਵੀ ਇਸ ਵਿਚ ਸ਼ਾਮਲ ਹੋਣਗੇ ਅਤੇ ਇਹ ਵਿਨਾਸ਼ਕਾਰੀ ਹੋਵੇਗਾ'' | ਰੂਸ ਦੇ ਸਰਕਾਰੀ ਮੀਡੀਆ ਸਪੁਤਨਿਕ ਨੇ ਇਹ ਜਾਣਕਾਰੀ ਦਿਤੀ | ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੂਸ ਯੂਕਰੇਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ |
ਯੂਕਰੇਨ ਨਾਲ ਗੱਲਬਾਤ ਦੇ ਮੁੱਦੇ 'ਤੇ ਲਾਵਰੋਵ ਨੇ ਕਿਹਾ ਕਿ ਰੂਸ ਯੂਕਰੇਨ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਤਿਆਰ ਹੈ ਪਰ ਯੂਕਰੇਨ ਅਮਰੀਕਾ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ | ਇਕ ਦਿਨ ਪਹਿਲਾਂ ਲਾਵਰੋਵ ਨੇ ਕਿਹਾ ਸੀ ਕਿ ਯੂਕਰੇਨ ਪ੍ਰਮਾਣੂ
ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਹ ਇਕ ਵੱਡਾ ਖ਼ਤਰਾ ਹੈ ਅਤੇ ਇਸ ਨੂੰ ਰੋਕਣ ਦੀ ਲੋੜ ਹੈ | ਉਨ੍ਹਾਂ ਕਿਹਾ, ''ਯੂਕਰੇਨ ਕੋਲ ਅਜੇ ਵੀ ਸੋਵੀਅਤ ਪਰਮਾਣੂ ਤਕਨੀਕ ਹੈ | ਇਸ ਲਈ ਰੂਸ ਨੂੰ ਇਸ ਖ਼ਤਰੇ ਦਾ ਸਫ਼ਲਤਾਪੂਰਵਕ ਜਵਾਬ ਦੇਣਾ ਹੋਵੇਗਾ | ਉਨ੍ਹਾਂ ਚੇਤਾਵਨੀ ਦਿਤੀ ਕਿ ਪਛਮੀ ਦੇਸ਼ਾਂ ਨੂੰ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਵਿਚ ਫ਼ੌਜੀ ਅੱਡੇ ਨਹੀਂ ਬਣਾਉਣੇ ਚਾਹੀਦੇ | ਹਾਲ ਹੀ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਪਣੇ ਪ੍ਰਮਾਣੂ ਬਲਾਂ ਨੂੰ ਵਿਸ਼ੇਸ਼ ਅਲਰਟ 'ਤੇ ਰੱਖਣ ਦਾ ਹੁਕਮ ਦਿਤਾ ਹੈ | ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਦੀ ਆਲੋਚਨਾ ਕੀਤੀ ਸੀ | ਯੂਕਰੇਨ 'ਤੇ ਫ਼ੌਜੀ ਕਾਰਵਾਈ ਸ਼ੁਰੂ ਕਰਦੇ ਹੋਏ ਪੁਤਿਨ ਨੇ ਚਿਤਾਵਨੀ ਦਿਤੀ ਕਿ ਜੇਕਰ ਕਿਸੇ ਵਿਦੇਸ਼ੀ ਦੇਸ਼ ਨੇ ਯੂਕਰੇਨ ਦੇ ਮਾਮਲਿਆਂ 'ਚ ਦਖ਼ਲਅੰਦਾਜੀ ਕੀਤੀ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ | (ਏਜੰਸੀ)