
ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰਨ ਵਾਲਾ ਯੂਨੀਵਰਸਿਟੀ ਦਾ ਵਿਦਿਆਰਥੀ ਗਿ੍ਫ਼ਤਾਰ
ਹੈਕਿੰਗ ਸਾਫ਼ਟਵੇਅਰ ਦੀ ਵਰਤੋਂ ਕਰ ਕੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਕਰਦਾ ਸੀ ਮੋਰਫ਼ : ਨੀਲਾਂਬਰੀ ਜਗਦਲੇ
ਚੰਡੀਗੜ੍ਹ, 2 ਮਾਰਚ : ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਨੇ ਬੁਧਵਾਰ ਨੂੰ ਹਾਈ-ਟੈਕ ਹੈਕਿੰਗ ਟੂਲਜ਼ ਦੀ ਵਰਤੋਂ ਕਰ ਕੇ ਸੂਬੇ ਦੀ ਇਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਨਵਜੋਸ ਸਿੰਘ ਅਟਵਾਲ, ਵਾਸੀ ਆਈਵਰੀ ਟਾਵਰ, ਸੈਕਟਰ-70, ਐਸ.ਏ.ਐਸ. ਨਗਰ ਵਜੋਂ ਹੋਈ ਹੈ, ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਏ.ਡੀ.ਜੀ.ਪੀ ਸਾਇਬਰ ਕ੍ਰਾਈਮ ਨੇ ਕਿਹਾ ਕਿ 26 ਫ਼ਰਵਰੀ, 2022 ਨੂੰ , ਉਕਤ ਪ੍ਰਾਈੇਵੇਟ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਕੋਈ ਵਿਅਕਤੀ ਜੂਮ/ਬਲੈਕਬੋਰਡ ਐਪ ਦੀ ਵਰਤੋਂ ਕਰ ਕੇ ਉਨ੍ਹਾਂ ਦੀ ਈਮੇਲ ਆਈਡੀ, ਔਨਲਾਈਨ ਅਧਿਆਪਨ ਸੈਸਨਾਂ ਨੂੰ ਹੈਕ ਕਰ ਰਿਹਾ ਹੈ ਅਤੇ ਨਾਲ ਹੀ ਵੱਖ-ਵੱਖ ਵਟਸਐਪ ਅਕਾਊਾਟ ਨੰਬਰਾਂ ਰਾਹੀਂ ਫੈਕਲਟੀ ਮੈਂਬਰਾਂ ਦੀਆਂ ਅਸ਼ਲੀਲ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ | ਸ਼ਿਕਾਇਤ ਤੇ ਕਾਰਵਾਈ ਕਰਦਿਆਂ, ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿਚ ਆਈਪੀਸੀ ਦੀ ਧਾਰਾ 354-ਡੀ, 509, 120-ਬੀ, ਆਈ.ਟੀ ਐਕਟ-2000 ਦੀ ਧਾਰਾ 66-ਸੀ ਅਤੇ 67-ਏ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਹੈ |
ਏ.ਆਈ.ਜੀ. ਸਟੇਟ ਸਾਈਬਰ ਕ੍ਰਾਈਮ, ਨੀਲਾਂਬਰੀ ਜਗਦਲੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਵਲੋਂ ਸੱਕੀ ਗਤੀਵਿਧੀਆਂ ਬਾਰੇ ਵਟਸਐਪ, ਜੂਮ ਅਤੇ ਗੂਗਲ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ | ਪੁਛਗਿਛ ਦੌਰਾਨ, ਦੋਸ਼ੀ ਨੇ ਕਬੂਲਿਆ ਹੈ ਕਿ ਉਹ ਵੱਖ-ਵੱਖ ਪੋਰਨ ਵੈੱਬਸਾਈਟਾਂ ਤੋਂ ਪੋਰਨ ਸਮੱਗਰੀ ਨੂੰ ਡਾਊਨਲੋਡ ਕਰਦਾ ਸੀ ਅਤੇ ਫਿਰ ਡਾਊਨਲੋਡ ਕੀਤੀ ਵੀਡੀਉ ਸਮੱਗਰੀ ਨੂੰ ਅਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਮੋਰਫ਼ ਕਰਦਾ ਸੀ ਤਾਂ ਜੋ ਵੀਪੀਐਨ ਅਤੇ ਹੈਕਿੰਗ ਟੂਲਜ਼ ਨੂੰ ਵਰਤ ਕੇ ਫਰਜ਼ੀ ਵਟਸਐਪ ਅਕਾਊਾਟ ਬਣਾ ਕੇ ਅਸ਼ਲੀਲ ਤਸਵੀਰਾਂ ਨੂੰ ਅੱਗੇ ਪ੍ਰਸਾਰਿਤ ਕੀਤਾ ਜਾ ਸਕੇ | ਜ਼ਿਕਰਯੋਗ ਹੈ ਕਿ ਦੋਸੀ ਬਲੈਕਬੋਰਡ ਸਾਫ਼ਟਵੇਅਰ ਅਤੇ ਜੂਮ ਐਪਲੀਕੇਸ਼ਨਾਂ ਰਾਹੀਂ ਕਰਵਾਏ ਗਏ ਵੈਬਿਨਾਰਾਂ 'ਤੇ ਆਨਲਾਈਨ ਵਿਦਿਅਕ ਸੈਸ਼ਨਾਂ ਦੌਰਾਨ ਕਥਿਤ ਅਸ਼ਲੀਲ ਸਮੱਗਰੀ ਪੋਸਟ ਕਰਦਾ ਸੀ |
ਤਫਤੀਸ਼ ਦੌਰਾਨ ਮੁਲਜ਼ਮ ਕੋਲੋਂ ਮੋਬਾਈਲ ਫੋਨ, ਲੈਪਟਾਪ ਅਤੇ ਵੀਪੀਐਨ ਅਤੇ ਹੈਕਿੰਗ ਸਾਫ਼ਟਵੇਅਰ/ਟੂਲ ਵਾਲੇ ਹੋਰ ਇਲੈਕਟ੍ਰਾਨਿਕ ਯੰਤਰ ਜਬਤ ਕੀਤੇ ਗਏ ਹਨ | ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ | ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ ਹੈ |