
ਕਿਹਾ, ਪੰਜਾਬ ਦੀ ਆਰਥਿਕਤਾ ਦੀ ਵਧ ਰਹੀ ਤਾਕਤ ਅਤੇ ਲਚਕੀਲੇਪਣ ਨੂੰ ਦਰਸਾਉਂਦਾ ਸ਼ੁੱਧ ਕਰ ਮਾਲੀਏ ਵਿੱਚ 14% ਵਾਧਾ
Punjab GST News IN Punjabi/ ਚੰਡੀਗੜ੍ਹ - ਇੱਕ ਮਹੱਤਵਪੂਰਨ ਪ੍ਰਾਪਤੀ ਹਾਸਿਲ ਕਰਦਿਆਂ ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਦੇ ਅੰਤ ਤੱਕ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐਸ,ਟੀ) ਵਿੱਚ 15.69 ਪ੍ਰਤੀਸ਼ਤ ਵਾਧਾ ਅਤੇ ਆਬਕਾਰੀ ਮਾਲੀਆ ਸੰਗ੍ਰਹਿ ਵਿੱਚ 11.71 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ। ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਮੀਲ ਪੱਥਰ ਦਾ ਐਲਾਨ ਕਰਦਿਆਂ ਪੰਜਾਬ ਦੇ ਮਜ਼ਬੂਤ ਹੋ ਰਹੇ ਆਰਥਿਕ ਵਿਕਾਸ ਅਤੇ ਮਾਲੀਆ ਪ੍ਰਾਪਤੀ ਵਿੱਚ ਸਫਲਤਾ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕੀਤਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਸੂਬਾ ਵਿੱਤੀ ਸੁਧਾਰਾਂ ਦੀ ਗਵਾਹੀ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਤੱਕ ਕੁੱਲ ਜੀ.ਐਸ.ਟੀ ਪ੍ਰਾਪਤੀ ਵਿੱਤੀ ਸਾਲ 2022-23 ਦੀ ਇਸੇ ਮਿਆਦ ਦੌਰਾਨ ਇਕੱਤਰ ਕੀਤੇ 16615.52 ਕਰੋੜ ਰੁਪਏ ਦੇ ਮੁਕਾਬਲੇ 19222.5 ਕਰੋੜ ਰੁਪਏ ਰਹੀ, ਅਤੇ 2606.98 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਬਕਾਰੀ ਤੋਂ ਮਾਲੀਏ ਵਿੱਚ ਵਾਧਾ ਵੀ 8093.59 ਕਰੋੜ ਰੁਪਏ ਦੇ ਸੰਗ੍ਰਹਿ ਦੇ ਨਾਲ 842.72 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਦਰਸਾਉਂਦਾ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 7244.87 ਕਰੋੜ ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਕਿਹਾ ਕਿ ਬਿਹਤਰ ਯੋਜਨਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਦਕਾ ਰਾਜ ਨੇ ਫਰਵਰੀ ਦੇ ਅੰਤ ਤੱਕ ਵੈਟ, ਸੀ.ਐਸ.ਟੀ, ਜੀ.ਐਸ.ਟੀ, ਪੀ.ਐਸ.ਡੀ.ਟੀ, ਅਤੇ ਆਬਕਾਰੀ ਤੋਂ 34,158 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕਰਦਿਆਂ ਸ਼ੁੱਧ ਕਰ ਮਾਲੀਏ ਵਿੱਚ 13.85 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।
ਵਿੱਤ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਇਹ ਅੰਕੜੇ ਸਿਰਫ਼ ਗਿਣਤੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਵੱਲੋਂ ਸਾਡੀ ਸਰਕਾਰ ਵਿੱਚ ਰੱਖੇ ਭਰੋਸੇ ਨੂੰ ਦਰਸਾਉਂਦੇ ਹਨ ਅਤੇ ਪੰਜਾਬ ਸਰਕਾਰ ਇਸ ਮਾਲੀਏ ਦੀ ਵਰਤੋਂ ਮਹੱਤਵਪੂਰਨ ਜਨਤਕ ਸੇਵਾਵਾਂ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜ ਭਲਾਈ ਲਈ ਅਜਿਹੇ ਪ੍ਰੋਗਰਾਮ ਵਿੱਚ ਜ਼ਿੰਮੇਵਾਰੀ ਨਾਲ ਖਰਚ ਕਰਨ ਲਈ ਸਮਰਪਿਤ ਹੈ ਜੋ ਪੰਜਾਬ ਵਾਸੀਆਂ ਦੇ ਜੀਵਨ ਨੂੰ ਹੋਰ ਉੱਚਾ ਚੁੱਕਣ।
ਮੌਜੂਦਾ ਰਾਜ ਸਰਕਾਰ ਦੁਆਰਾ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐਸ.ਆਈ.ਪੀ.ਯੂ) ਅਤੇ ਜੀ.ਐਸ,ਟੀ ਪ੍ਰਾਈਮ ਪੋਰਟਲ ਦੀ ਸ਼ੁਰੂਆਤ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਤਕਨਾਲੋਜੀ ਦੁਆਰਾ ਸੰਚਾਲਿਤ ਪ੍ਰਣਾਲੀ ਦੇ ਲਾਗੂ ਹੋਣ ਨਾਲ ਜੀ.ਐਸ.ਟੀ ਅਤੇ ਆਬਕਾਰੀ ਮਾਲੀਆ ਪ੍ਰਾਪਤ ਕਰਨ ਦੀ ਸਮਰੱਥਾ, ਪਾਰਦਰਸ਼ਤਾ ਅਤੇ ਪਾਲਣਾ ਵਿੱਚ ਸੁਧਾਰ ਹੋਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਜੀ.ਐਸ.ਟੀ ਅਤੇ ਆਬਕਾਰੀ ਸੰਗ੍ਰਹਿ ਵਿੱਚ ਇਹ ਬੇਮਿਸਾਲ ਵਾਧਾ ਪੰਜਾਬ ਦੇ ਆਰਥਿਕ ਲਚਕੀਲੇਪਣ ਅਤੇ ਚੰਗੇ ਵਿੱਤੀ ਪ੍ਰਬੰਧਨ ਲਈ ਸਾਡੀ ਸਰਕਾਰ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰ ਪ੍ਰਸ਼ਾਸਨ ਨੂੰ ਸਫਲਤਾਪੂਰਵਕ ਢੰਗ ਨਾਲ ਸੁਚਾਰੂ ਬਣਾਇਆ ਹੈ, ਚੋਰੀ ਨੂੰ ਰੋਕਿਆ ਹੈ, ਅਤੇ ਇੱਕ ਕਾਰੋਬਾਰ-ਅਨੁਕੂਲ ਮਾਹੌਲ ਬਣਾਇਆ ਹੈ ਜਿਸ ਨੇ ਕਰ ਪਾਲਣਾ ਨੂੰ ਉਤਸ਼ਾਹਿਤ ਕੀਤਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪ੍ਰਾਪਤੀ ਆਬਕਾਰੀ ਅਤੇ ਕਰ ਵਿਭਾਗ ਦੇ ਲਗਨ ਵਾਲੇ ਯਤਨਾਂ ਦੇ ਨਾਲ-ਨਾਲ ਸੂਬੇ ਦੇ ਨਾਗਰਿਕਾਂ ਦੇ ਅਟੁੱਟ ਸਹਿਯੋਗ ਸਦਕਾ ਸੰਭਵ ਹੋਈ ਹੈ। ਇਸ ਨੂੰ ਸੂਬੇ ਦੀ ਆਰਥਿਕ ਖੁਸ਼ਹਾਲੀ ਵੱਲ ਇੱਕ ਸ਼ਾਨਦਾਰ ਸ਼ੁਰੂਆਤ ਮੰਨਦੇ ਹੋਏ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਰ ਚੋਰੀ ਦੇ ਮੁਕੰਮਲ ਖਾਤਮੇ ਵਾਸਤੇ ਮਹੱਤਵਪੂਰਨ ਯੋਗਦਾਨ ਪਾਉਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਵਰਗੀਆਂ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਪੁਰਜ਼ੋਰ ਅਪੀਲ ਕੀਤੀ।
(For more news apart from 16% increase in Punjab's GST and 12% in excise revenue: Harpal Cheema News In Punjabi:, stay tuned to Rozana Spokesman)