
Mohali News: ਫਰਜ਼ੀ ਅਧਿਕਾਰੀ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ
Fake IAS arrested in Mohali: ਪੰਜਾਬ ਪੁਲਿਸ ਵੱਲੋਂ ਇੱਕ IAS ਅਫ਼ਸਰ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਇਲਾਕਿਆਂ 'ਚ ਘੁੰਮਦਾ ਇਹ ਫਰਜ਼ੀ ਆਈ.ਏ.ਐੱਸ. ਅਫ਼ਸਰ ਬਿਲਕੁਲ ਅਸਲੀ ਅਫ਼ਸਰ ਲੱਗ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਰਜ਼ੀ ਆਈਏਐਸ ਅਧਿਕਾਰੀ ਆਪਣੀ ਕਾਰ 'ਤੇ ਭਾਰਤ ਸਰਕਾਰ ਲਿਖੀ ਹੋਈ ਪਲੇਟ ਲਗਾ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਦਾ ਸੀ।
ਇਸ ਫਰਜ਼ੀ ਅਧਿਕਾਰੀ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਇਸੇ ਦੌਰਾਨ ਖ਼ਬਰ ਮਿਲੀ ਸੀ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੁਹਾਲੀ ਲੈ ਆਇਆ, ਜਿਸ ਦੀ ਜਾਂਚ ਤੋਂ ਬਾਅਦ ਮੁਹਾਲੀ ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਮੁਲਜ਼ਮ ਫਰਜ਼ੀ ਆਈਏਐਸ ਅਫ਼ਸਰ ਨੌਕਰੀਆਂ ਦਾ ਝਾਂਸਾ ਦੇ ਕੇ ਬਾਹਰਲੇ ਸੂਬਿਆਂ ਤੋਂ ਮੋਹਾਲੀ ਲਿਆਉਂਦਾ ਸੀ ਅਤੇ ਮਹਿੰਗੇ ਹੋਟਲਾਂ ਵਿੱਚ ਠਹਿਰਾਉਂਦਾ ਸੀ। ਫਿਰ ਉਹ ਲੋਕਾਂ ਦੇ ਸਾਹਮਣੇ ਇਸ ਤਰ੍ਹਾਂ ਪੇਸ਼ ਆਉਂਦਾ ਕਿ ਕਿਸੇ ਨੂੰ ਉਸ 'ਤੇ ਸ਼ੱਕ ਨਾ ਹੋਵੇ ਪਰ ਇਸ ਵਾਰ ਉਹ ਜਾਲ ਵਿੱਚ ਫਸ ਗਿਆ।
ਇਸ ਵਾਰ ਜਦੋਂ ਉਹ ਕੁਝ ਲੋਕਾਂ ਨਾਲ ਹੋਟਲ 'ਚ ਰੁਕਣ ਆਇਆ ਤਾਂ ਉੱਥੇ ਉਨ੍ਹਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਉਸ ਦੇ ਵਿਵਹਾਰ ਕਾਰਨ ਹੋਟਲ ਸਟਾਫ਼ ਨੂੰ ਉਸ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਕੋਲੋਂ ਕਈ ਸਰਕਾਰੀ ਵਿਭਾਗਾਂ ਦੇ ਜਾਅਲੀ ਆਈਡੀ ਕਾਰਡ ਅਤੇ ਜਾਅਲੀ ਦਸਤਾਵੇਜ਼ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਦੇਣ ਤੋਂ ਬਚ ਰਹੇ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।