
ਮੋਹਾਲੀ ਪੁਲਿਸ ਨੇ ਬੀਤੇ ਦਿਨੀਂ ਉਦਯੋਗਿਕ ਖੇਤਰ ਫ਼ੇਜ਼-7 'ਚ ਸਟੇਟ ਬੈਂਕ ਆਫ਼ ਇੰਡੀਆ 'ਚ ਡਕੈਤੀ ਕਰਨ ਵਾਲੇ ਮਨਜਿੰਦਰ ਸਿੰਘ ਨੂੰ 12 ਘੰਟਿਆਂ 'ਚ ਹੀ ਕਾਬੂ ਕਰ ਕੇ....
ਐਸ.ਏ.ਐਸ. ਨਗਰ, 26 ਜੁਲਾਈ (ਸੁਖਦੀਪ ਸਿੰਘ ਸੋਈ, ਗੁਰਮੁਖ ਵਾਲੀਆ): ਮੋਹਾਲੀ ਪੁਲਿਸ ਨੇ ਬੀਤੇ ਦਿਨੀਂ ਉਦਯੋਗਿਕ ਖੇਤਰ ਫ਼ੇਜ਼-7 'ਚ ਸਟੇਟ ਬੈਂਕ ਆਫ਼ ਇੰਡੀਆ 'ਚ ਡਕੈਤੀ ਕਰਨ ਵਾਲੇ ਮਨਜਿੰਦਰ ਸਿੰਘ ਨੂੰ 12 ਘੰਟਿਆਂ 'ਚ ਹੀ ਕਾਬੂ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਅਪਣੇ ਦਫ਼ਤਰ ਦੇ ਕਮੇਟੀ ਰੂਮ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।
ਚਾਹਲ ਨੇ ਦਸਿਆ ਕਿ ਵਾਰਦਾਤ ਵਿਚ ਵਰਤੀ ਗਈ ਗੱਡੀ ਵੈਕਸ ਵੌਗਨ ਅਤੇ ਪਿਸਤੌਲ ਸਮੇਤ ਲੁੱਟਿਆ ਹੋਇਆ ਕੈਸ਼ 7 ਲੱਖ 67 ਹਜ਼ਾਰ 500 ਰੁਪਏ ਵੀ ਬਰਾਮਦ ਕਰ ਲਿਆ ਗਿਆ ਹੈ। ਚਾਹਲ ਨੇ ਦਸਿਆ ਕਿ ਕੰਟਰੋਲ ਰੂਮ ਮੁਹਾਲੀ ਵਿਖੇ ਬੈਂਕ ਡਕੈਤੀ ਬਾਰੇ ਸੂਚਨਾ ਪ੍ਰਾਪਤ ਹੋਈ ਸੀ ਅਤੇ ਸੂਚਨਾ ਮਿਲਣ ਦੇ ਪੰਜ ਮਿੰਟ ਦੇ ਸਮੇਂ ਦੇ ਅੰਦਰ ਅੰਦਰ ਉਹ ਖ਼ੁਦ ਅਤੇ ਹਰਵੀਰ ਸਿੰਘ ਅਟਵਾਲ ਐਸ.ਪੀ.(ਜਾਂਚ), ਗੁਰਵਿੰਦਰ ਸਿੰਘ ਡੀ.ਐਸ.ਪੀ. (ਜਾਂਚ) ਆਲਮ ਵਿਜੈ ਸਿੰਘ ਡੀ.ਐਸ.ਪੀ. ਸਿਟੀ-1 ਅਤੇ ਮੁੱਖ ਥਾਣਾ ਅਫ਼ਸਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪੁੱਜੇ ਅਤੇ ਬੈਂਕ ਡਕੈਤੀ ਸਬੰਧੀ ਬੈਂਕ ਕਰਮਚਾਰੀਆਂ ਨਾਲ ਵਾਰਦਾਤ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਉਪਰੰਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੈਂਕ ਡਕੈਤੀ ਬਾਰੇ ਅਲਰਟ ਕੀਤਾ ਗਿਆ ਅਤੇ ਵਿਸ਼ੇਸ਼ ਨਾਕਾਬੰਦੀ ਕਰਵਾਈ ਗਈ। ਇਸ ਤੋਂ ਇਲਾਵਾ ਪੀ.ਸੀ.ਆਰ. ਨੂੰ ਵੀ ਅਲਰਟ ਕੀਤਾ ਗਿਆ। ਡਕੈਤੀ ਸਬੰਧੀ ਫੇਜ਼-1 ਦੇ ਥਾਣੇ ਵਿਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਡਕੈਤੀ ਦੀ ਵਾਰਦਾਤ ਤੋਂ ਕੁੱਝ ਸਮੇਂ ਬਾਅਦ ਕੰਟਰੋਲ ਰੂਮ ਮੁਹਾਲੀ ਵਿਖੇ ਮਨਜਿੰਦਰ ਸਿੰਘ ਵਾਸੀ ਜ਼ੀਰਾ, ਹੁਣ ਸਨੀ ਇੰੰਨਕਲੇਵ ਖਰੜ ਨੇ ਇਤਲਾਹ ਦਿਤੀ ਕਿ ਉਸ ਦੀ ਗੱਡੀ ਵੈਕਸ ਵੌਗਨ ਜੋ ਕਿ ਹੁਣੇ ਹੀ ਖੋਹੀ ਹੈ। ਸਿਟੀ ਸੀਲਿੰਗ ਪੁਆਇੰਟਸ ਅਤੇ ਗੱਡੀਆਂ ਦੀ ਚੈਕਿੰਗ ਕਰ ਕੇ ਪੀ.ਸੀ.ਆਰ. ਦੇ ਮੁਲਾਜ਼ਮਾਂ ਵਲੋਂ ਇਤਲਾਹ ਦਿਤੀ ਗਈ ਕਿ ਇੱਕ ਗੱਡੀ ਸ਼ੱਕੀ ਹਾਲਤ ਵਿਚ ਕੰਟਰੀ ਮਾਲ ਖਰੜ ਦੀ ਪਿਛਲੀ ਸਾਇਡ 'ਤੇ ਖੜੀ ਮਿਲੀ ਹੈ। ਇਤਲਾਹ ਮਿਲਣ 'ਤੇ ਡੀ.ਐਸ.ਪੀ. ਸਿਟੀ-1 ਅਤੇ ਇੰਸਪੈਕਟਰ ਮੁੱਖ ਅਫ਼ਸਰ ਥਾਣਾ ਫੇਜ਼-1 ਮੁਹਾਲੀ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਫ਼ੋਰੈਂਸਿਕ ਟੀਮ ਮੌਕੇ 'ਤੇ ਬੁਲਾਈ ਗਈ ਅਤੇ ਲਾਵਾਰਸ ਖੜੀ ਮਿਲੀ ਵੈਕਸ ਵੌਗਨ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਮਨਜਿੰਦਰ ਸਿੰਘ ਵਲੋਂ ਕੰਟਰੋਲ ਰੂਮ ਮੁਹਾਲੀ ਨੂੰ ਦਿਤੀ ਗਈ ਇਤਲਾਹ ਬਾਰੇ ਬਾਰੀਕੀ ਨਾਲ ਘੋਖਿਆ ਗਿਆ ਅਤੇ ਇਹ ਗੱਲ ਸਾਹਮਣੇ ਆਈ ਕਿ ਇਹ ਗੱਡੀ ਬੈਂਕ ਡਕੈਤੀ ਦੌਰਾਨ ਵਰਤੀ ਗਈ ਹੈ ਅਤੇ ਮਨਜਿੰਦਰ ਸਿੰਘ ਵਲੋਂ ਗੱਡੀ ਖੋਹ ਦੀ ਝੂਠੀ ਇਤਲਾਹ ਦੇ ਕੇ ਬੈਂਕ ਡਕੈਤੀ ਵਿਚੋਂ ਅਪਣੇ ਆਪ ਨੂੰ ਬਚਾਉਣ ਲਈ ਝੂਠੀ ਕਹਾਣੀ ਬਣਾਈ ਗਈ। ਚੰਗੀ ਤਰਾਂ ਘੋਖ ਪੜਤਾਲ ਕਰਨ ਅਤੇ ਤਫ਼ਤੀਸ ਦੌਰਾਨ ਮਨਜਿੰਦਰ ਸਿੰਘ ਨੇ ਮੰਨਿਆ ਕਿ ਇਹ ਵਾਰਦਾਤ ਉਸ ਨੇ ਹੀ ਕੀਤੀ ਹੈ।
ਜਨਵਰੀ 'ਚ ਹੋਇਆ ਵਿਆਹ, ਪੇਸ਼ੇ ਤੋਂ ਵਕੀਲ
ਡੀ.ਐਸ.ਪੀ. ਆਲਮ ਵਿਜੈ ਨੇ ਦਸਿਆ ਕਿ ਮਨਜਿੰਦਰ ਸਿੰਘ ਪੇਸ਼ੇ ਤੋਂ ਵਕੀਲ ਹੈ ਅਤੇ ਇਸ ਸਾਲ ਜਨਵਰੀ 'ਚ ਹੀ ਉਸ ਦਾ ਵਿਆਹ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਮਨਜਿੰਦਰ ਮੋਹਾਲੀ ਦੀ ਅਦਾਲਤ 'ਚ ਪ੍ਰੈਕਟਿਸ ਕਰਦਾ ਸੀ ਅਤੇ ਵਿਆਹ ਤੋਂ ਬਾਅਦ ਉਹ ਅਦਾਲਤ 'ਚ ਪ੍ਰੈਕਟਿਸ ਕਰਨ ਲਈ ਨਹੀਂ ਸੀ ਆ ਰਿਹਾ।
ਮਾਨਸਕ ਤੌਰ ਤੋਂ ਪ੍ਰੇਸ਼ਾਨ ਮਨਜਿੰਦਰ: ਪਿਤਾ
ਮੁਲਜ਼ਮ ਮਨਜਿੰਦਰ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦਸਿਆ ਕਿ ਕੁੱਝ ਮਹੀਨਿਆਂ ਤੋਂ ਉਨ੍ਹਾਂ ਦਾ ਲੜਕਾ ਮਾਨਸਕ ਤੌਰ 'ਤੇ ਪ੍ਰੇਸ਼ਾਨ ਸੀ ਪਰ ਜਿਸ ਨੇ ਕਦੇ ਵੀ ਉਨ੍ਹਾਂ ਨੂੰ ਕੁੱਝ ਨਹੀਂ ਦਸਿਆ। ਉਨ੍ਹਾਂ ਕਿਹਾ ਕਿ ਮਨਜਿੰਦਰ ਦਾ ਕੋਈ ਕ੍ਰਿਮਨਲ ਰੀਕਾਰਡ ਨਹੀਂ ਹੈ ਅਤੇ ਉਸ ਨੇ ਇਹ ਕਦਮ ਮਾਨਸਕ ਪ੍ਰੇਸ਼ਾਨੀ 'ਚ ਚੁਕਿਆ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗੀ ਹੋਣ ਕਰ ਕੇ ਉਸ ਦੀ ਦਵਾਈ ਫਗਵਾੜੇ ਤੋਂ ਚੱਲ ਰਹੀ ਹੈ।
ਐਸ.ਐਸ.ਪੀ. ਅਨੁਸਾਰ ਮੌਕੇ 'ਤੇ ਕੀਤੇ ਦੋ ਫ਼ਾਇਰ
ਪ੍ਰੈੱਸ ਕਾਨਫ਼ਰੰਸ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁਲਜ਼ਮ ਮਨਜਿੰਦਰ ਸਿੰਘ ਨੇ ਬੈਂਕ ਅੰਦਰ ਅਪਣੀ ਲਾਈਸੈਂਸੀ 32 ਬੋਰ ਦੀ ਪਿਸਤੌਲ ਨਾਲ ਦੋ ਫ਼ਾਇਰ ਕੀਤੇ ਸਨ। ਪਰ ਇਸ ਸਬੰਧੀ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਮਨਜਿੰਦਰ ਸਿੰਘ ਵਲੋਂ ਇਕ ਫ਼ਾਇਰ ਕੀਤਾ ਗਿਆ ਸੀ ਜਿਸ ਦਾ ਖੋਲ ਮੌਕੇ 'ਤੇ ਹੀ ਲੱਭ ਕੇ ਪੁਲਿਸ ਨੂੰ ਦੇ ਦਿਤਾ ਗਿਆ ਸੀ।
ਭੱਜਦੇ ਹੋਏ ਡਿੱਗੇ ਸਨ 2 ਲੱਖ ਰੁਪਏ
ਬੈਂਕ ਅਧਿਕਾਰੀਆਂ ਅਨੁਸਾਰ ਮਨÎਜਿੰਦਰ ਜਦ ਬੈਂਕ ਅੰਦਰ ਦਾਖ਼ਲ ਹੋਇਆ ਤਾਂ ਉਸ ਨੇ ਮੂੰਹ ਢਕਿਆ ਹੋਇਆ ਸੀ ਅਤੇ ਸਿਰ 'ਤੇ ਟੋਪੀ ਲਈ ਹੋਈ ਸੀ। ਅਧਿਕਾਰੀਆਂ ਅਨੁਸਾਰ ਜਦ ਉਸ ਨੂੰ ਕਿਹਾ ਗਿਆ ਕਿ ਬੈਂਕ 'ਚ ਮੂੰਹ ਢੱਕ ਕੇ ਆਉਣਾ ਮਨ੍ਹਾ ਹੈ ਤਾਂ ਉਸ ਨੇ ਕਿਹਾ ਕਿ ਉਹ ਵਾਰਦਾਤ ਕਰਨ ਹੀ ਆਇਆ ਹੈ ਅਤੇ ਉਸ ਨੇ ਕੈਸ਼ੀਅਰ ਬਾਰੇ ਪੁਛਿਆ। ਜਿਸ ਤੋਂ ਬਾਅਦ ਉਸ ਨੇ ਅਪਣੀ ਲਾਈਸੈਂਸੀ ਪਿਸਤੌਲ ਨਾਲ ਇਕ ਫ਼ਾਇਰ ਕਰ ਦਿਤਾ ਜੋ ਸਾਹਮਣੇ ਪਏ ਸੋਫੇ ਤੋਂ ਆਰ ਪਾਰ ਨਿਕਲ ਕੇ ਹੇਠਾਂ ਦੀਵਾਰ ਵਿਚ ਵਜਿਆ। ਕੈਸ਼ੀਅਰ ਦੇ ਦੱਸਣ ਅਨੁਸਾਰ ਬੈਂਕ 'ਚ ਕੈਸ਼ ਖੁੱਲ੍ਹਾ ਸੀ ਜਿਸ ਨੂੰ ਲੈ ਕੇ ਮਨਜਿੰਦਰ ਬਾਹਰ ਭੱਜ ਗਿਆ ਅਤੇ ਭਜਦੇ ਹੋਏ ਉਸ ਕੋਲੋਂ 2 ਲੱਖ ਰੁਪਏ ਹੇਠਾਂ ਡਿੱਗ ਗਏ ਜਿਨ੍ਹਾਂ ਨੂੰ ਬਾਅਦ ਵਿਚ ਲੋਕਾਂ ਨੇ ਚੁੱਕ ਕੇ ਬੈਂਕ ਅਧਿਕਾਰੀਆਂ ਦੇ ਸਪੁਰਦ ਕੀਤਾ।