
ਆਲ ਇੰਡੀਆ ਸਟੂਡੈਂਟ ਫ਼ੈਡਰੇਸ਼ਨ ਵਲੋਂ 1984 ਕਤਲੇਆਮ ਦੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਰਾਂਚੀ ਹਾਈ ਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ...
ਆਲ ਇੰਡੀਆ ਸਟੂਡੈਂਟ ਫ਼ੈਡਰੇਸ਼ਨ ਵਲੋਂ 1984 ਕਤਲੇਆਮ ਦੇ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਰਾਂਚੀ ਹਾਈ ਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਉਪਰੰਤ ਹਾਈ ਕੋਰਟ ਦੇ ਹੁਕਮ 'ਤੇ ਝਾਰਖੰਡ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ, ਜਿਸ ਦੇ ਫ਼ਲਸਰੂਪ ਪੀੜਤਾ ਨੂੰ ਮੁਆਵਜ਼ਾ ਦਿਵਾਉਣ ਦੇ ਕੰਮ 'ਚ ਤੇਜ਼ੀ ਆਈ।ਯਾਦ ਰਹੇ ਕਿ 1984 ਦੇ ਕਤਲੇਆਮ ਦੌਰਾਨ ਗਮਹਰੀਆ ਵਿਖੇ ਅਪਣੇ ਪੁੱਤਰ ਕੋਲ ਰਹਿ ਰਹੀ ਗੁਰਦੀਪ ਕੌਰ (85 ਸਾਲ) ਦੇ ਪਤੀ ਗੁਰਪਾਲ ਸਿੰਘ ਦਾ ਦੰਗਾਕਾਰੀਆਂ ਨੇ ਕਤਲ ਕਰ ਦਿਤਾ ਸੀ।
1984
ਗੁਰਦੀਪ ਕੌਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਆਲ ਇੰਡੀਆ ਸਟੂਡੈਂਟ ਫ਼ੈਡਰੇਸ਼ਨ ਦੇ ਪੂਰਬੀ ਭਾਰਤ ਪ੍ਰਧਾਨ ਸਤਨਾਮ ਸਿੰਘ ਗੰਭੀਰ ਸਰਾਈਕੇਲਾ ਦੇ ਕਮਿਸ਼ਨਰ ਛਵੀ ਰੰਜਨ ਤੋਂ ਕੀਤੀ ਜਾ ਰਹੀ ਸੀ। ਸਤਨਾਮ ਸਿੰਘ ਗੰਭੀਰ ਪੀੜਤ ਗੁਰਦੀਪ ਕੌਰ ਅਤੇ ਉਸ ਦੇ ਲੜਕੇ ਹਰਜੀਤ ਸਿੰਘ ਨੂੰ ਲੈ ਕੇ ਅੱਜ ਸਵੇਰੇ ਸਰਾਏਕੇਲਾ ਦੇ ਕਮਿਸ਼ਨਰ ਛਵੀ ਰੰਜਨ ਨੂੰ ਮਿਲੇ, ਜਿਸ ਦੌਰਾਨ ਕਮਿਸ਼ਨਰ ਨੇ ਬਿਨਾਂ ਦੇਰ ਕੀਤੇ ਗੁਰਦੀਪ ਕੌਰ ਨੂੰ 5 ਲੱਖ ਰੁਪਏ ਮੁਆਵਜ਼ੇ ਦਾ ਚੈੱਕ ਦੇ ਦਿਤਾ। ਇਸ ਦੌਰਾਨ ਜਦੋਂ ਕਮਿਸ਼ਨਰ ਨੇ ਗੁਰਦੀਪ ਕੌਰ ਨੂੰ ਪੁਛਿਆ ਕਿ ਇਨ੍ਹਾਂ ਰੁਪਇਆਂ ਦਾ ਉਹ ਕੀ ਕਰਨਗੇ ਤਾਂ ਉਸ ਨੇ ਸਾਦਗੀ ਭਰਪੂਰ ਜਵਾਬ ਦਿਤਾ ਕਿ ਉਹ ਇਨ੍ਹਾਂ ਰੁਪਇਆਂ ਨਾਲ ਅਪਣੇ ਲੜਕੇ ਖ਼ੁਸ਼ਵੰਤ ਸਿੰਘ ਨੂੰ ਪੱਕਾ ਮਕਾਨ ਬਣਵਾ ਕੇ ਦੇਵੇਗੀ, ਜਿਹੜਾ ਕੇ ਅਜੇ ਕੱਚੇ ਮਕਾਨ 'ਚ ਰਹਿੰਦਾ ਹੈ।ਇਸ ਦੌਰਾਨ ਸਤਨਾਮ ਸਿੰਘ ਗੰਭੀਰ ਨੇ ਕਿਹਾ ਕਿ ਜਦੋਂ ਤਕ ਆਖ਼ਰੀ ਪੀੜਤ ਪਰਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਮਰਜੀਤ ਸਿੰਘ, ਜੋਗਿੰਦਰ ਸਿੰਘ ਤੇ ਹਰਜੀਤ ਸਿੰਘ ਵੀ ਹਾਜ਼ਰ ਸਨ।