
ਪਾਕਿਸਤਾਨ ਦੇ ਅੰਬੈਸੇਡਰ ਨੇ ਕੀਤੀ ਰਮੇਸ਼ ਸਿੰਘ ਨਾਲ ਮੁਲਾਕਾਤ
ਪਾਕਿਸਤਾਨ ਗੁਰੂ ਘਰਾਂ ਦੇ ਦਰਸ਼ਨਾਂ ਲਈ ਮਲਟੀਪਲ ਵੀਜ਼ੇ ਦੀ ਸਹੂਲਤ ਮੰਗੀ
ਵਾਸ਼ਿਗਟਨ ਡੀ ਸੀ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਰਮੇਸ਼ ਸਿੰਘ ਖ਼ਾਲਸਾ ਪੈਟਰਨ ਇਨ ਚੀਫ਼ ਪਾਕਿਸਤਾਨ ਸਿੱਖ ਕੌਸਲ ਜੋ ਦੋ ਦਿਨਾਂ ਦੇ ਦੌਰੇ ਤੇ ਵਾਸ਼ਿੰਗਟਨ ਡੀਸੀ ਆਏ ਸਨ, ਉਨ੍ਹਾਂ ਇਕ ਵਿਸ਼ੇਸ਼ ਮੀਟਿੰਗ ਪਾਕਿਸਤਾਨ ਅੰਬੈਸੇਡਰ ਜਨਾਬ ਡਾਕਟਰ ਅਸਦ ਮਜੀਦ ਖ਼ਾਨ ਨਾਲ ਕੀਤੀ | ਉਨ੍ਹਾਂ ਦੇ ਨਾਲ ਸਿੱਖ ਕਮਿਊਨਟੀ ਦੇ ਐਕਟਵਿਸਟ ਡਾਕਟਰ ਸੁਰਿੰਦਰ ਸਿੰਘ ਗਿੱਲ ਜੋ ਵਰਲਡ ਯੂਨਾਇਟਿਡ ਗੁਰੂ ਨਾਨਕ ਫ਼ਾਊਡੇਸ਼ਨ ਦੇ ਸਕੱਤਰ ਜਨਰਲ ਹਨ ਤੇ ਰਾਜ ਰਾਠੌਰ ਹਿੰਦੂ ਕਮਿਊਨਿਟੀ ਦੇ ਨੁਮਾਇੰਦੇ ਅਰਥਾਤ ਪਾਕਿਸਤਾਨ ਹਿੰਦੂ ਫ਼ਾਊਡੇਸ਼ਨ ਦੇ ਚੇਅਰਮੈਨ ਵੀ ਸ਼ਾਮਲ ਹੋਏ | ਜਿਥੇ ਇਕ ਘੰਟਾ ਲਗਾਤਾਰ ਮੀਟਿੰਗ ਵਿਚ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਕ ਸਥਾਨਾਂ ਦੇ ਦਰਸ਼ਨਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉਥੇ ਬਾਬਾ ਨਾਨਕ ਯੂਨੀਵਰਸਟੀ ਦੇ ਵਿਭਾਗਾਂ ਬਾਰੇ ਖੁਲ੍ਹ ਕੇ ਖੁਲਾਸਾ ਕੀਤਾ ਗਿਆ | ਡਾਕਟਰ ਅਸਦ ਮੁਜੀਦ ਨੇ ਦਸਿਆ ਕਿ ਇੰਟਰ ਫੇਥ ਵਿਭਾਗ ਯੂਨੀਵਰਸਟੀ ਦਾ ਹਿੱਸਾ ਹੋਵੇਗਾ, ਜਿਸ ਵਿਚ ਸੱਭ ਧਰਮਾਂ ਦੀ ਖੋਜ ਤੇ ਰਿਸਰਚ ਹੋਵੇਗੀ | ਧਾਰਮਕ ਯਾਤਰਾ ਕਰਨ ਵਾਲਿਆਂ ਨੂੰ ਮਲਟੀਪਲ ਵੀਜ਼ੇ ਦੀ ਸਹੂਲਤ , ਵਿਸਾਖੀ, ਦੀਵਾਲੀ ਤੇ ਕਿ੍ਸਮਿਸ ਤਿਉਹਾਰ ਮਨਾਉਣ ਸਬੰਧੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ | ਹੈਰੀਟੇਜ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਰਾਜ ਰਾਠੌਰ ਨੂੰ ਜ਼ੁੰਮੇਵਾਰੀ ਸੌਂਪੀ ਗਈ |
ਡਾਕਟਰ ਗਿੱਲ ਨੇ ਅਧੁਨਿਕ ਸਕੂਲ ਦਾ ਇਕ ਪ੍ਰੋਜੈਕਟ ਅੰਬੈਸਡਰ ਸਾਹਿਬ ਨੂੰ ਭੇਟ ਕੀਤਾ ਜੋ ਬਾਬਾ ਗੁਰੂ ਨਾਨਕ ਯੂਨੀਵਰਸਟੀ ਦਾ ਹੋਵੇਗਾ | ਇਹ ਵੀਹ ਪੰਨਿਆਂ ਦਾ ਪ੍ਰਾਜੈਕਟ ਹਰ ਸਹੂਲਤ ਨਾਲ ਲੈਸ ਸੀ ਜਿਸ ਨੂੰ ਅੰਬੈਸਡਰ ਸਾਹਿਬ ਨੇ ਪਾਕਿਸਤਾਨ ਸਰਕਾਰ ਨੂੰ ਸਿਫ਼ਾਰਸ਼ ਵਾਸਤੇ ਭੇਜਣ ਦਾ ਵਾਅਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਟੀ ਬੋਰਡ ਵਿਚ ਮਾਹਰ ਸਿਖਿਆ ਸ਼ਾਸਤਰੀ ਲਏ ਜਾਣਗੇ | ਜੋ ਵਿਦੇਸ਼ੀ ਕੋਰਸਾਂ ਦੀ ਸਿਫ਼ਾਰਸ਼ ਕਰਨਗੇ | ਰਮੇਸ਼ ਸਿੰਘ ਖ਼ਾਲਸਾ ਨੇ
ਪ੍ਰਵਾਸੀ ਟੂਰਿਜਮ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿਤਾ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਕਰਨ ਦੀ ਸ਼ਿਫ਼ਾਰਸ ਕੀਤੀ | ਅੰਬੈਸਡਰ ਸਾਹਿਬ ਨੇ ਹਰੇਕ ਵਿਚਾਰ ਨੂੰ ਗੰਭੀਰਤਾ ਨਾਲ ਲਿਆ ਤੇ ਉਸ ਤੇ ਤੁਰਤ ਅਮਲ ਕਰਨ ਲਈ ਅਪਣੇ ਅਮਲੇ ਨੂੰ ਹਦਾਇਤ ਕੀਤੀ |
ਰਮੇਸ਼ ਸਿੰਘ ਖ਼ਾਲਸਾ ਨੇ ਇਤਹਾਸਕ ਸਿੱਕਾ ਜੋ ਬਾਬਾ ਨਾਨਕ ਦੀ 550ਵੀਂ ਸ਼ਤਾਬਦੀ ਤੇ ਜਾਰੀ ਕੀਤਾ ਗਿਆ ਸੀ | ਉਹ ਡਾਕਟਰ ਅਸਦ ਮੁਜੀਦ ਨੂੰ ਕਰਾਚੀ ਦੀ ਸਾਲ ਸਮੇਤ ਭੇਟ ਕੀਤਾ | ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸਿਰੀ ਸਾਹਿਬ ਭੇਟ ਕਰ ਕੇ ਸਿੱਖ ਕਮਿਊਨਿਟੀ ਦੀ ਹਾਜ਼ਰੀ ਲਗਵਾਈ ਤੇ ਕਰਤਾਰਪੁਰ ਕੋਰੀਡੋਰ ਸਬੰਧੀ ਹੋਰ ਸਹੂਲਤਾਂ ਦੇਣ ਦਾ ਜ਼ਿਕਰ ਕੀਤਾ | ਰਾਜ ਰਾਠੌਰ ਵਲੋਂ ਪਾਕਿਸਤਾਨ ਦੇ ਮੰਦਰਾਂ ਨੂੰ ਟੂਰਿਜਮ ਵਿਚ ਸ਼ਾਮਲ ਕਰਨ ਦਾ ਜ਼ਿਕਰ ਕੀਤਾ |