
ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵਲੋਂ ਡਾ. ਸੁਭਾਸ਼ ਚੰਦਰ ਨੂੰ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰਨ ’ਤੇ ਪੰਜਾਬ ਸਰਕਾਰ ਦਾ ਧਨਵਾਦ
ਚੰਡੀਗੜ੍ਹ, 2 ਅਪ੍ਰੈਲ (ਭੁੱਲਰ) : ਪੰਜਾਬ ਸਰਕਾਰ ਵਲੋਂ ਡਾ. ਸੁਭਾਸ਼ ਚੰਦਰ ਨੂੰ ਬਤੌਰ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨਿਯੁਕਤ ਕਰਨ ’ਤੇ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਦਿੱਤ ਸਿੰਘ ਵਲੋਂ ਦਸਿਆ ਗਿਆ ਕਿ ਡਾ. ਸੁਭਾਸ਼ ਚੰਦਰ ਇਸ ਸਮੇਂ ਵਿਭਾਗ ਵਿਚ ਸੰਯੁਕਤ ਡਾਇਰੈਕਟਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ ਅਤੇ ਇਕ ਬਹੁਤ ਤਜਰਬੇਕਾਰ ਅਫਸਰ ਹਨ। ਐਸੋਸੀਏਸ਼ਨ ਵਲੋਂ ਡਾ. ਸੁਭਾਸ਼ ਚੰਦਰ ਨੂੰ ਬਿਨਾਂ ਕਿਸੇ ਦੇਰੀ ਦੇ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰਨ ’ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੁਲਦੀਪ ਸਿੰਘ ਧਾਲੀਵਾਲ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਅਤੇ ਸ਼੍ਰੀਮਤੀ ਰਵਨੀਤ ਕੌਰ ਆਈ.ਏ.ਐਸ, ਵਿਸ਼ੇਸ਼ ਮੁੱਖ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਜੀ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਗੁਰਦੇਵ ਸਿੰਘ ਵਲੋਂ ਨਵ ਨਿਯੁਕਤ ਡਾਇਰੈਕਟਰ, ਪਸ਼ੂ ਪਾਲਣ ਨੂੰ ਭਰੋਸਾ ਦਿਵਾਇਆ ਗਿਆ ਕਿ ਐਸੋਸੀਏਸ਼ਨ ਵਿਭਾਗ ਦੇ ਵਿਕਾਸ ਦੇ ਕੰਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਪੂਰਨ ਸਹਿਯੋਗ ਦੇਵੇਗੀ ਅਤੇ ਜਥੇਬੰਦੀ ਵਿਭਾਗ ਦੀਆਂ ਵੱਖ-ਵੱਖ ਵਿਕਾਸ ਦੀਆਂ ਸਕੀਮਾਂ ਨੂੰ ਪਸ਼ੂ ਪਾਲਕਾਂ ਤਕ ਪਹੁੰਚਾਉਣ ਲਈ ਪਸ਼ੂ ਪਾਲਕਾਂ ਅਤੇ ਡਾਇਰੈਕਟਰ ਦਫ਼ਤਰ ਵਿਚ ਸਕਾਰਾਤਮਕ ਕੜੀ ਦਾ ਕੰਮ ਕਰੇਗੀ। ਐਸੋਸੀਏਸ਼ਨ ਵਲੋਂ ਆਸ ਪ੍ਰਗਟ ਕੀਤੀ ਗਈ ਡਾ. ਸੁਭਾਸ਼ ਚੰਦਰ ਜੀ ਦੀ ਅਗਵਾਈ ਵਿਚ ਪਸ਼ੂ ਪਾਲਣ ਵਿਭਾਗ ਹੋਰ ਤਰੱਕੀ ਦੇ ਰਾਹ ’ਤੇ ਤੁਰੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸਰਬਦੀਪ ਸਿੰਘ, ਸਲਾਹਕਾਰ ਡਾ. ਰਵੀ ਕਾਂਤ, ਡਾ. ਰਣਬੀਰ ਸ਼ਰਮਾ ਅਤੇ ਡਾ. ਪਰਮਪਾਲ ਸਿੰਘ ਮੌਜੂਦ ਸਨ।