
ਪ੍ਰਸ਼ਾਸਨ ਨੇ 30 ਅਗਸਤ ਤੱਕ ਮੰਗਾਂ ਮੰਨਣ ਦਾ ਦਿੱਤਾ ਭਰੋਸਾ, ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ 1 ਸਤੰਬਰ ਤੋਂ ਮੁੜ ਸ਼ੁਰੂ ਕੀਤਾ ਜਾਵੇਗਾ ਧਰਨਾ
ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ 'ਤੇ ਬੀਤੇ ਕੱਲ੍ਹ ਤੋਂ ਡਟੇ ਸਨ ਕਿਸਾਨ
ਬਟਾਲਾ : ਬਟਾਲਾ 'ਚ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਵਲੋਂ ਬੀਤੇ ਕੱਲ੍ਹ ਤੋਂ ਚੱਲ ਰਹੇ ਰੇਲ ਰੋਕੋ ਅੰਦੋਲਨ ਨੂੰ ਕਿਸਾਨਾਂ ਵਲੋਂ ਫਿਲਹਾਲ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਤੇ ਪ੍ਰਸ਼ਾਸ਼ਨ ਨਾਲ ਕਿਸਾਨਾਂ ਦੀ ਅੱਜ ਸਵੇਰੇ ਤੋਂ ਹੋ ਰਹੀ ਲੰਬੇ ਸਮੇਂ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਪ੍ਰਸ਼ਾਸਨ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਮੋਰਚਾ ਖਤਮ ਕਰ ਦਿੱਤਾ ਹੈ। ਉਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮਿਲੇ ਅਸ਼ਵਾਸ਼ਨ ਤੋਂ ਬਾਅਦ ਉਹਨਾਂ ਨੇ ਹੁਣ ਇਹ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਹੈ। ਉਥੇ ਹੀ ਉਹਨਾਂ ਕਿਹਾ ਕਿ ਡੀਸੀ ਗੁਰਦਾਸਪੁਰ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਤਹਿ ਸਮਾਂ ਦਿਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਉਹ ਤਹਿ ਸਮੇਂ ਤਕ ਉਹਨਾਂ ਦੀਆ ਮੰਗਾਂ ਮੰਨੀਆਂ ਜਾਣਗੀਆਂ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ! 23 ਸਾਲਾ ਨੌਜਵਾਨ ਦਾ ਕੀਤਾ ਕਤਲ
ਕਿਸਾਨ ਆਗੂ ਨੇ ਦੱਸਿਆ ਕਿ ਜਿਨ੍ਹਾਂ ਮੰਗਾਂ ਕਾਰਨ ਉਨ੍ਹਾਂ ਵਲੋਂ ਰੇਲਾਂ ਰੋਕਿਆਂ ਗਈਆਂ ਸਨ ਉਨ੍ਹਾਂ ਵਿਚ ਕਿਸਾਨਾਂ ਦੀਆਂ ਬੇਮੌਸਮੀ ਬਰਸਾਤ ਨਾਲ ਬਰਬਾਦ ਹੋਇਆ ਫ਼ਸਲਾਂ ਦਾ ਜਲਦ ਮੁਆਵਜ਼ਾ, ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀਆਂ ਐਕੁਆਇਰ ਜ਼ਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜ਼ੇ ਆਦਿ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਮੰਗਾਂ ਲਈ 30 ਅਗਸਤ ਤਕ ਦਾ ਸਮਾਂ ਪ੍ਰਸ਼ਾਸ਼ਨ ਨੇ ਦਿਤਾ ਹੈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਉਹ ਉਦੋਂ ਤਕ ਕੋਈ ਹੱਲ ਨਾ ਹੋਇਆ ਤਾਂ ਉਹ 1 ਸਤੰਬਰ ਨੂੰ ਮੁੜ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਉਧਰ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਿਸਾਨਾਂ ਦੀਆ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਤਾ ਗਿਆ ਹੈ ਅਤੇ ਉਸ ਲਈ ਸਮਾਂ ਵੀ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ 'ਚ ਕਿਸਾਨਾਂ ਦੇ ਹਰ ਮਸਲੇ ਦਾ ਹੱਲ ਕਰਨਗੇ।