
ਆਉਣ ਵਾਲੇ ਦਿਨਾਂ ਵਿਚ ਮੌਸਮ ਰਹੇਗਾ ਖੁਸ਼ਕ
ਮੋਹਾਲੀ : ਪੰਜਾਬ ਵਿਚ ਮੌਸਮ 'ਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ। ਉਧਰ ਕਣਕ ਦੀ ਵਾਢੀ ਸਿਰ 'ਤੇ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਵੀ ਇਜ਼ਾਫਾ ਹੋਇਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਕਣਕਾਂ ਅਤੇ ਹੋਰ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਭਾਵੇਂ ਕਿ ਸਰਕਾਰ ਵਲੋਂ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਪਰ ਅਜੇ ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਪੈਣ ਦਾ ਖਦਸ਼ਾ ਹੈ।
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੌਸਮ ਵਿਭਾਗ ਦੇ ਮਾਹਰ ਪ੍ਰਨੀਤ ਕੌਰ ਢੀਂਗਰਾ ਨਾਲ ਗਲਬਾਤ ਕੀਤੀ ਗਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਪੱਛਮੀ ਗੜਬੜੀਆਂ ਕਾਰਨ ਮੀਂਹ ਅਤੇ ਝੱਖੜ ਵਗੈਰਾ ਆਏ ਸਨ। ਅੱਜ ਮੀਂਹ ਪੈ ਸਕਦਾ ਹੈ ਪਰ ਆਉਣ ਵਾਲੇ ਦੋ ਦਿਨਾਂ ਵਿਚ ਦਰਮਿਆਨੀ ਬਾਰਿਸ਼ ਦੀ ਭਵਿਖਵਾਣੀ ਹੈ।
ਇਹ ਵੀ ਪੜ੍ਹੋ: ਪੁਲਿਸ ਨੇ 4 ਕਿਲੋ ਅਫ਼ੀਮ ਸਮੇਤ 2 ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨ ਤੋਂ ਬਾਅਦ ਮੌਸਮ ਖੁਸ਼ਕ ਹੋ ਜਾਵੇਗਾ ਅਤੇ ਮੀਂਹ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਮੀਂਹ ਅਤੇ ਵਿਗੜਦੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਵਾਢੀ ਨੂੰ ਥੋੜਾ ਅੱਗੇ ਪਾਉਣ ਅਤੇ ਜੇਕਰ ਉਨ੍ਹਾਂ ਫ਼ਸਲ ਵੱਧ ਲਈ ਹੈ ਤਾਂ ਫ਼ਸਲ ਦੀ ਸੰਭਾਲ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਮਾਰਚ ਦੇ ਮਹੀਨੇ 54.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜਦਕਿ ਆਮ ਤੌਰ 'ਤੇ ਇਹ ਮਾਰਚ ਮਹੀਨੇ ਵਿਚ 23.7 ਮਿਲੀਮੀਟਰ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਿਛਲੇ ਸਾਲਾਂ ਦਾ ਰਿਕਾਰਡ ਦੇਖਿਆ ਜਾਵੇ ਤਾਂ 2020 'ਚ ਮਾਰਚ ਮਹੀਨੇ ਦੌਰਾਨ 69 ਮਿਲੀਮੀਟਰ ਅਤੇ 2015 ਵਿਚ 84.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ।