
ਪੰਜਾਬ ਅੰਦਰ ਕਰਫ਼ਿਊ ਛੋਟ ਦੇ ਸਮੇਂ 'ਚ ਤਬਦੀਲੀ
ਚੰਡੀਗੜ੍ਹ, 2 ਮਈ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਹੁਣ ਗਰੀਨ ਤੇ ਔਰੇਂਜ ਜ਼ੋਨਾਂ ਵਿਚ ਕਲ (3 ਮਈ) ਤੋਂ ਦੁਕਾਨਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਖੁਲ੍ਹਣਗੀਆਂ। ਰੈੱਡ ਅਤੇ ਸੀਮਤ ਜ਼ੋਨਾਂ ਵਿਚ ਕੋਈ ਵੀ ਛੋਟ ਨਹੀਂ ਦਿਤੀ ਜਾਵਗੀ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਸਵੇਰੇ 7 ਤੋਂ 11 ਵਜੇ ਤਕ ਦੁਕਾਨਾਂ ਖੋਲ੍ਹਣ ਦੇ ਫ਼ੈਸਲੇ ਨੂੰ ਬਦਲਣ ਦਾ ਫ਼ੈਸਲਾ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਵਲੋਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਖੋਲ੍ਹਣ ਦੀ ਕੀਤੀ ਜਾ ਰਹੀ ਮੰਗ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਦਲਿਆ ਹੋਇਆ ਸਮਾਂ ਲੋਕਾਂ ਦੀ ਸਹਲੂਤ ਨੂੰ ਵੇਖਦਿਆਂ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਵੀ ਵਿਚਾਰਿਆ ਗਿਆ ਸੀ ਅਤੇ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਛੋਟ ਦਾ ਸਮਾਂ ਬਦਲਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਸਮੇਂ ਵਿਚ ਤਬਦੀਲੀ ਬਾਰੇ ਨੋਟੀਫ਼ੀਕੇਸ਼ਨ ਕਰਨ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿਤੇ ਜਾਣ।
File photo
'ਸਖ਼ਤੀ ਨਾਲ ਰਾਹਤ ਦੇਣ' ਬਾਰੇ ਅਪਣੀ ਨੀਤੀ 'ਤੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਲੈਣ ਲਈ ਜੇਕਰ ਕੋਈ ਵੀ ਵਿਅਕਤੀ ਅਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਬਿਨਾਂ ਮਾਸਕ ਬਾਹਰ ਨਿਕਲਣ ਵਾਲਿਆਂ ਦਾ ਚਲਾਨ ਕਰਨ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਰਫ਼ਿਊ ਵਿਚ ਢਿੱਲ ਸਖ਼ਤ ਪ੍ਰੋਟੋਕੋਲ ਨਾਲ ਹੀ ਮਿਲੇਗੀ ਜਿਸ ਨੂੰ ਲੋਕਾਂ ਵਲੋਂ ਅਪਣਾਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਰਾਹਤ ਮੁਹੱਈਆ ਕਰਵਾਈ ਗਈ ਹੈ ਅਤੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਕਰਫ਼ਿਊ ਦੀ ਉਲੰਘਣਾ ਜਾਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁਧ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿਤੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ''ਅਸੀਂ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕਰਾਂਗੇ।'' ਉਨ੍ਹਾਂ ਕਿਹਾ ਕਿ ਸੂਬੇ ਵਿਚ ਧਾਰਾ 144 ਲਾਗੂ ਹੋਣ ਕਰ ਕੇ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਢਿੱਲ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਾਹਰੀ ਸੂਬਿਆਂ ਵਿਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਅਤੇ ਇਥੇ ਪਰਵਾਸੀ ਮਜ਼ਦੂਰਾਂ ਸਮੇਤ ਫਸੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸਾਰੇ ਢੁੱਕਵੇਂ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਸਲੇ 'ਤੇ ਦੂਜੇ ਸੂਬਿਆਂ ਨਾਲ ਨੇੜਿਉਂ ਤਾਲਮੇਲ ਕਾਇਮ ਕਰ ਕੇ ਕੰਮ ਕਰ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਨੂੰ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਅਪੀਲ ਕਰ ਚੁੱਕੇ ਹਨ ਜੋ ਅਗਲੇ ਕੁੱਝ ਦਿਨਾਂ ਤਕ ਚਲਣਗੀਆਂ ਕਿਉਂਕਿ ਇਸ ਵੇਲੇ ਰੇਲਵੇ ਦੱਖਣੀ ਭਾਰਤ ਤੋਂ ਪਰਵਾਸੀ ਕਾਮਿਆਂ ਨੂੰ ਲਿਆਉਣ ਦੇ ਪ੍ਰਬੰਧਾਂ ਵਿਚ ਜੁਟਿਆ ਹੋਇਆ ਹੈ।