
ਪਰਿਵਾਰ ਦਾ ਦੋਸ਼ ਹੈ ਕਿ ਮਹਿਲਾ ਦੀ ਮੌਤ ਟੀਕਾ ਲੱਗਣ ਦੇ ਰਿਐਕਸ਼ਨ ਨਾਲ ਹੋਈ ਹੈ
ਗੁਰਦਾਸਪੁਰ : ਬਟਾਲਾ ਸਿਵਲ ਹਸਪਤਾਲ ’ਚ ਸ਼ਨਿਚਰਵਾਰ ਨੂੰ 13 ਮਰੀਜ਼ਾਂ ਨੂੰ ਰੈਮਡੇਸਿਵਿਰ ਲੈਣ ਤੋਂ ਬਾਅਦ 7 ਜਣਿਆਂ ਦੀ ਤਬੀਅਤ ਵਿਗੜ ਗਈ। ਇਨ੍ਹਾਂ ਵਿਚੋਂ 62 ਸਾਲਾ ਬਲਵਿੰਦਰ ਕੌਰ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਮਹਿਲਾ ਦੀ ਮੌਤ ਟੀਕਾ ਲੱਗਣ ਦੇ ਰਿਐਕਸ਼ਨ ਨਾਲ ਹੋਈ ਹੈ ਜਦੋਂਕਿ ਸਿਵਲ ਸਰਜਨ ਹਰਭਜਨ ਮਾਂਡੀ ਨੇ ਕਿਹਾ ਕਿ ਮਹਿਲਾ ਸ਼ੂਗਰ ਤੇ ਹਾਰਟ ਦੀ ਮਰੀਜ਼ ਸੀ ਤੇ ਕੋਰੋਨਾ ਪੀੜਤ ਵੀ ਸੀ।
Remdesivir
ਉਸ ਦਾ ਆਕਸੀਜਨ ਲੈਵਲ 85 ਦੇ ਨੇੜੇ ਸੀ। ਇਸੇ ਕਾਰਨ ਉਸ ਦੀ ਮੌਤ ਹੋਈ ਹੈ। ਬਚੀ ਹੋਈ ਸਪਲਾਈ ਨੂੰ ਸੀਲ ਕਰ ਕੇ ਜਾਂਚ ਲਈ ਚੰਡੀਗੜ੍ਹ ਭੇਜਿਆ ਗਿਆ ਹੈ। ਜਾਂਚ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹੀ ਸਪਲਾਈ ਨਿੱਜੀ ਕੋਵਿਡ ਸੈਂਟਰਾਂ ਨੂੰ ਵੀ ਭੇਜੀ ਗਈ ਸੀ। ਉਥੋਂ ਰਿਐਕਸ਼ਨ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਹੁਣ ਇੰਜੈਕਸ਼ਨ ਦੀ ਸਪਲਾਈ ਰੋਕ ਦਿੱਤੀ ਗਈ ਹੈ। ਕੁਝ ਇੰਜੈਕਸ਼ਨ ਵਾਪਸ ਮੰਗਵਾਏ ਗਏ ਹਨ ਤਾਂ ਜੋ ਰਿਐਕਸ਼ਨ ਦੇ ਕਾਰਨਾਂ ਦਾ ਪਤਾ ਲੱਗ ਸਕੇ।
Corona vaccine
ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਦੇ ਇੰਚਾਰਜ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਪਰਿਵਾਰ ਨੇ ਉਸ ਨੂੰ ਅੰਮ੍ਰਿਤਸਰ ਵਿਚ ਇਲਾਜ ਕਰਵਾਉਣ ਤੋਂ ਬਾਅਦ ਇਥੇ ਲਿਆਏ ਸਨ। ਇੰਜੈਕਸ਼ਨ ਲੱਗਣ ਦੇ ਬਾਅਦ 7 ਮਰੀਜ਼ਾਂ ਨੂੰ ਖਾਰਿਸ਼ ਤੇ ਸਾਹ ’ਚ ਤਕਲੀਫ ਹੋਈ। ਮਰੀਜ਼ਾਂ ਨੇ ਪਿਆਸ ਵੱਧ ਲੱਗਣ ਦੀ ਗੱਲ ਕਹੀ। ਉਧਰ ਇਸ ਘਟਨਾ ਦੇ ਬਾਅਦ ਸਾਰੇ ਕੋਵਿਡ ਸੈਂਟਰਾਂ ਨੂੰ ਮਿਲਣ ਵਾਲੀ ਸਪਲਾਈ ’ਚ ਅੜਿੱਕਾ ਲੱਗ ਗਿਆ ਹੈ। ਕੁੱਝ ਨਿੱਜੀ ਕੋਵਿਡ ਸੈਂਟਰਾਂ ਨੇ ਆਪਣੇ ਪੱਧਰ ’ਤੇ ਅੰਮ੍ਰਿਤਸਰ ਤੋਂ ਰੈਮਡੇਸਿਵਿਰ ਇੰਜੈਕਸ਼ਨ ਮੰਗਵਾ ਕੇ ਮਰੀਜ਼ਾਂ ਨੂੰ ਲਾਏ।