
ਵੋਟਰਾਂ ਨੇ ਭਾਜਪਾ ਦੀ ਫ਼ਿਰਕਾਪ੍ਰਸਤੀ ਅਤੇ ਅਨੈਤਿਕ ਰਾਜਨੀਤੀ ਅਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਰੋਹ ਪ੍ਰਗਟਾਇਆ
ਲੁਧਿਆਣਾ( ਪ੍ਰਮੋਦ ਕੌਸ਼ਲ) : ਸੰਯੁਕਤ ਕਿਸਾਨ ਮੋਰਚੇ ਨੇ ਵੱਖ-ਵੱਖ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਿਰੁਧ ਦਿਤੇ ਫ਼ਤਵੇ ਦਾ ਸਵਾਗਤ ਕੀਤਾ ਹੈ। ਪਛਮੀ ਬੰਗਾਲ, ਤਾਮਿਲਨਾਡੂ ਅਤੇ ਕੇਰਲ ਵਿਚ ਇਹ ਸਪੱਸ਼ਟ ਹੈ ਕਿ ਜਨਤਾ ਨੇ ਭਾਜਪਾ ਦੀ ਫੁੱਟ ਪਾਉਣ ਵਾਲੀ ਫ਼ਿਰਕੂ ਰਾਜਨੀਤੀ ਨੂੰ ਸਿਰੇ ਤੋਂ ਨਕਾਰ ਦਿਤਾ ਹੈ।
Samyukt Kisan Morcha
ਕਰੋਨਾ ਦੇ ਗੰਭੀਰ ਸੰਕਟ ਦੇ ਸਮੇਂ ਜਦੋਂ ਦੇਸ਼ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਦੇ ਮਾਮਲੇ ’ਚ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਲੋਕ ਕੇਂਦਰ ਸਰਕਾਰ ਦੀ ਘੋਰ ਅਣਗਹਿਲੀ ਦਾ ਸਾਹਮਣਾ ਕਰ ਰਹੇ ਹਨ, ਲੋਕਾਂ ਨੂੰ ਇਕ ਵੱਡੇ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਵੇਲੇ ਭਾਜਪਾ ਨੇ ਅਪਣਾ ਫ਼ਿਰਕੂ ਧਰੁਵੀਕਰਨ ਏਜੰਡਾ ਫੈਲਾਉਣ ਦੀ ਕੋਸ਼ਿਸ਼ ਕੀਤੀ।
Samyukt Kisan Morcha
ਭਾਜਪਾ ਨੇ ਸੰਸਥਾਗਤ ਹਮਲਿਆਂ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ। ਚੋਣ ਕਮਿਸ਼ਨ ਦੀ ਅਨੈਤਿਕ ਅਤੇ ਗ਼ੈਰ ਕਾਨੂੰਨੀ ਸਹਾਇਤਾ ਅਤੇ ਚੋਣ ਮੁਹਿੰਮਾਂ ਵਿਚ ਵੱਡੇ ਸਰੋਤਾਂ ਦੇ ਖ਼ਰਚੇ ਦੇ ਬਾਵਜੂਦ, ਇਨ੍ਹਾਂ ਰਾਜਾਂ ਵਿਚ ਭਾਜਪਾ ਦੀ ਹਾਰ ਦਰਸਾਉਂਦੀ ਹੈ ਕਿ ਨਾਗਰਿਕਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਇਸ ਏਜੰਡੇ ਨੂੰ ਰੱਦ ਕਰ ਦਿਤਾ ਹੈ।
Mamata Banerjee and Pm Modi
“ਮੁਜ਼ਾਹਰਾਕਾਰੀ ਕਿਸਾਨ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਭਾਜਪਾ ਦਾ ਫ਼ਿਰਕੂ ਧਰੁਵੀਕਰਨ ਏਜੰਡਾ ਅਸਵੀਕਾਰਨਯੋਗ ਹੈ। ਰੋਜ਼ੀ ਰੋਟੀ ਅਤੇ ਅਜੀਵੀਕਾ ਦੇ ਨਾਲ ਨਾਲ ਇਹ ਦੇਸ਼ ਦੀ ਧਰਮ ਨਿਰਪੱਖਤਾ ਦੀ ਰਾਖੀ ਲਈ ਨਾਗਰਿਕਾਂ ਦਾ ਸਾਂਝਾ ਸੰਘਰਸ ਹੈ। ਭਾਜਪਾ ਦਾ ਇਹ ਏਜੰਡਾ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਨਾਗਰਿਕਾਂ ਦੀ ਰੋਜ਼ੀ-ਰੋਟੀ ਦੇ ਮੁੱਦੇ ਨਹੀਂ ਬਣਾਏ।
Farmers Protest
ਕਿਸਾਨ ਵਿਰੋਧੀ ਕੇਂਦਰੀ ਖੇਤੀਬਾੜੀ ਕਾਨੂੰਨਾਂ ਅਤੇ ਮਜ਼ਦੂਰ ਵਿਰੋਧੀ ਕੋਡ ਵਿਰੁਧ ਅਪਣਾ ਵਿਰੋਧ ਪ੍ਰਗਟਾਉਣ ਲਈ ਅਸੀਂ ਬੰਗਾਲ ਅਤੇ ਹੋਰ ਰਾਜਾਂ ਦੇ ਨਾਗਰਿਕਾਂ ਨੂੰ ਵਧਾਈ ਦਿੰਦੇ ਹਾਂ। ਹੁਣ ਅਸੀਂ ਭਾਰਤ ਭਰ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਪਣਾ ਵਿਰੋਧ ਵਧਾਉਣ ਅਤੇ ਵੱਡੀ ਗਿਣਤੀ ਵਿਚ ਅੰਦੋਲਨ ਵਿਚ ਸ਼ਾਮਲ ਹੋਣ। ਇਹ ਲਹਿਰ ਸਾਡੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਦੀ ਰਹੇਗੀ, ਜੋ ਸਾਡੇ ਸੰਵਿਧਾਨ ਦੀ ਰਾਖੀ ਕਰੇਗੀ ਅਤੇ ਇਸ ਦੇ ਉਦੇਸਾਂ ਨੂੰ ਪੂਰਾ ਕਰੇਗੀ।
Farmers Protest
ਹੁਣ ਭਾਜਪਾ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਜ ਦੇ ਨਤੀਜਿਆਂ ਨੂੰ ਸਵੀਕਾਰ ਕਰੇ। ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰ ਕੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵੇ। ਅਸੀਂ ਇਕ ਵਾਰ ਫਿਰ ਸਪੱਸ਼ਟ ਕਰ ਰਹੇ ਹਾਂ ਕਿ ਕਿਸਾਨਾਂ ਦਾ ਇਹ ਅੰਦੋਲਨ ਉਦੋਂ ਤਕ ਖ਼ਤਮ ਨਹੀਂ ਹੋਵੇਗਾ ਜਦੋਂ ਤਕ ਮੰਗਾਂ ’ਤੇ ਸਹਿਮਤੀ ਨਹੀਂ ਬਣ ਜਾਂਦੀ। ਇਸ ਨਾਲ ਹੀ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦਾ ਬਾਈਕਾਟ ਵੀ ਜਾਰੀ ਰਹੇਗਾ।